ਮਿਊਨੀਜ਼ ਖਾਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਹੁਣ ਤੁਹਾਨੂੰ ਮਿਊਨੀਜ਼ ਨਹੀਂ ਮਿਲੇਗੀ।ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ। ਸਰਕਾਰ ਨੇ ਮਿਊਨੀਜ਼ ਨੂੰ ਬੈਨ ਕਰ ਦਿੱਤਾ ਹੈ। ਇਹ ਅਹਿਮ ਫੈਸਲਾ ਸੂਬੇ ਦੇ ਮੈਡੀਕਲ ਅਤੇ ਸਿਹਤ ਵਿਭਾਗ ਨੇ ਲਿਆ ਹੈ। ਦਰਅਸਲ ਹੈਦਰਾਬਾਦ ਦੇ ਸਿਹਤ ਮੰਤਰੀ ਦਾਮੋਦਰ ਰਾਜਾ ਨਸੀਮ੍ਹਾ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਫੂਡ ਸੇਫਟੀ ਕਮਿਸ਼ਨਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।
ਕਿਉਂ ਬੈਨ ਮਿਊਨੀਜ਼?
ਤੁਹਾਨੂੰ ਦੱਸ ਦਈਏ ਕਿ ਮੰਤਰੀ ਨੇ ਸੂਬੇ ਵਿੱਚ ਤਿੰਨ ਨਵੀਆਂ ਫੂਡ ਟੈਸਟਿੰਗ ਲੈਬਾਰਟਰੀਆਂ ਅਤੇ ਪੰਜ ਮੋਬਾਈਲ ਫੂਡ ਸੇਫਟੀ ਲੈਬਾਰਟਰੀਆਂ ਸਥਾਪਤ ਕਰਨ ਦੇ ਹੁਕਮ ਦਿੱਤੇ। ਸਰਕਾਰ ਨੇ ਇਹ ਫੈਸਲਾ ਮਿਲਾਵਟੀ ਭੋਜਨ ਪਦਾਰਥਾਂ ਦਾ ਸੇਵਨ ਕਰਨ ਨਾਲ ਕਈ ਲੋਕਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੇ ਮੱਦੇਨਜ਼ਰ ਲਿਆ ਹੈ। ਮਿਊਨੀਜ਼ ਜ਼ਿਆਦਾਤਰ ਬਿਰਯਾਨੀ, ਕਬਾਬ, ਪੀਜ਼ਾ, ਬਰਗਰ, ਸੈਂਡਵਿਚ ਅਤੇ ਹੋਰ ਫਾਸਟ ਫੂਡ ਵਿੱਚ ਚਟਨੀ ਦੇ ਰੂਪ ਵਿੱਚ ਖਾਧੀ ਜਾਂਦੀ ਹੈ। ਹਾਲ ਹੀ ਵਿੱਚ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਤੋਂ ਸਬਕ ਲੈਂਦਿਆਂ, ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ ਦਾ ਭੋਜਨ ਮਿਲਾਵਟ ਕੰਟਰੋਲ ਵਿਭਾਗ ਚੌਕਸ ਹੋ ਗਿਆ ਹੈ। ਜੀਐਚਐਮਸੀ ਅਧਿਕਾਰੀਆਂ ਨੇ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਹੋਟਲ ਮਿਊਨੀਜ਼ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਮਿਊਨੀਜ਼ 'ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਮੰਗੀ।
ਅਣਸੁਖਾਵੀਆਂ ਘਟਨਾਵਾਂ
ਰੇਸ਼ਮਾ ਬੇਗਮ, ਉਸਦੇ ਬੱਚਿਆਂ ਅਤੇ ਹੋਰਾਂ ਨੇ ਨੰਦੀਨਗਰ, ਬੰਜਾਰਾ ਹਿੱਲਜ਼ ਵਿੱਚ ਦਿੱਲੀ ਹੌਟ ਮੋਮੋਜ਼ ਦੀ ਦੁਕਾਨ ਵਿੱਚ ਮਿਊਨੀਜ਼ ਅਤੇ ਚਟਨੀ ਦੇ ਨਾਲ ਮਾਸਾਹਾਰੀ ਮੋਮੋਜ਼ ਖਾਧੇ। ਉਸੇ ਰਾਤ ਕੁਝ ਲੋਕਾਂ ਨੇ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ। ਐਤਵਾਰ ਨੂੰ ਰੇਸ਼ਮਾ ਬੇਗਮ ਦੀ ਹਾਲਤ ਵਿਗੜਨ 'ਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਬਾਕੀ ਸਾਰੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਸਨ।