ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ (ETV BHARAT) ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਵਿੱਚ ਸ਼ਿਵਸੈਨਾ ਦੇ ਆਗੂ ਸੰਦੀਪ ਥਾਪਰ 'ਤੇ ਹੋਇਆ ਹਮਲਾ ਕੌਮੀ ਸੁਰਖੀਆਂ ਬਣ ਗਿਆ ਹੈ ਅਤੇ ਲਗਾਤਾਰ ਵਿਰੋਧੀ ਪਾਰਟੀਆਂ ਹੁਣ ਸੂਬਾ ਸਰਕਾਰ ਨੂੰ ਘੇਰ ਰਹੀਆਂ ਹਨ। ਅੱਜ ਸਵੇਰ ਤੋਂ ਲਗਾਤਾਰ ਸੰਦੀਪ ਥਾਪਰ ਨੂੰ ਮਿਲਣ ਲਈ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚ ਰਹੇ ਹਨ। ਇਸ ਦੌਰਾਨ ਸੁਨੀਲ ਜਾਖੜ ਨੇ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ, ਉੱਥੇ ਹੀ ਕਿਹਾ ਕਿ ਪੰਜਾਬ 'ਚ ਅਜਿਹਾ ਮਾਹੌਲ ਕਿਉਂ ਬਣ ਗਿਆ ਇਹ ਵੱਡੀ ਗੱਲ ਹੈ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੱਲੋਂ ਸੰਦੀਪ ਥਾਪਰ ਦੀ ਅਪਰੇਸ਼ਨ ਬਲੂ ਸਟਾਰ ਮੌਕੇ ਲੱਡੂ ਵੰਡਣ ਦੀ ਪੋਸਟ ਆਪਣੇ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਦੀ ਵੀ ਭਾਵਨਾਵਾਂ ਨੂੰ ਢਾਹ ਪਹੁੰਚਾਉਣਾ ਸਹੀ ਨਹੀਂ ਹੈ। ਉਹਨਾਂ ਆਪਣੀ ਪੋਸਟ ਵਿੱਚ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਭੜਕਾਊ ਬਿਆਨਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਸੰਦੀਪ ਥਾਪਰ ਦੀ ਪੋਸਟ 'ਤੇ ਸਾਂਸਦ ਦਾ ਪ੍ਰਤੀਕਰਮ (ETV BHARAT) ਸੁਰੱਖਿਆ ਨੂੰ ਲੈ ਕੇ ਸਵਾਲ:ਇੱਕ ਪਾਸੇ ਜਿੱਥੇ ਭਾਜਪਾ ਨੇ ਸ਼ਿਵ ਸੈਨਾ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ, ਉੱਥੇ ਹੀ ਦੂਜੇ ਪਾਸੇ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ 15 ਦਿਨ ਪਹਿਲਾਂ ਹੀ ਸੰਦੀਪ ਥਾਪਰ ਨੇ ਕਿਹਾ ਸੀ ਕਿ ਉਸ ਨੂੰ ਥਰੈਟ ਹੈ। ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਪਰ ਇਸ ਦੇ ਬਾਵਜੂਦ ਪੁਲਿਸ ਨੇ ਉਹਨਾਂ ਦੀ ਗੱਲ 'ਤੇ ਧਿਆਨ ਨਹੀਂ ਦਿੱਤਾ। ਸ਼ਿਵਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਸਾਡੀ ਸੁਰੱਖਿਆ ਦੇ ਵਿੱਚ ਮੁਲਾਜ਼ਮ ਤੈਨਾਤ ਹਨ, ਉਹਨਾਂ ਵਿੱਚੋਂ ਚਾਰ ਪੰਜ ਹੀ ਅੱਗੇ ਆਉਂਦੇ ਹਨ ਜਦੋਂ ਕਿ ਬਾਕੀ ਬਜ਼ੁਰਗ ਹਨ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਕਿਸੇ ਦਾ ਬੀਪੀ ਵੱਧਦਾ ਹੈ। ਉਹਨਾਂ ਕਿਹਾ ਕਿ ਚੋਣਾਂ ਦੇ ਵਿੱਚ ਸਾਡੀ ਸੁਰੱਖਿਆ ਵਾਪਸ ਲੈ ਲਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਕਿਤੇ ਬਾਹਰ ਚਲੇ ਜਾਣ। ਉਹਨਾਂ ਕਿਹਾ ਕਿ ਕੀ ਚੋਣਾਂ ਦੇ ਵਿੱਚ ਦਹਿਸ਼ਤਗਰਦ ਜਾਂ ਫਿਰ ਗੈਂਗਸਟਰ ਹੜਤਾਲ 'ਤੇ ਹੁੰਦੇ ਹਨ, ਇਹ ਵੱਡਾ ਸਵਾਲ ਹੈ। ਉਹਨਾਂ ਕਿਹਾ ਕਿ ਜਦਕਿ ਅਕਾਲੀ ਦਲ, ਕਾਂਗਰਸ ਅਤੇ ਹੋਰ ਕਿਸਾਨ ਆਗੂਆਂ ਦੇ ਕੋਲ ਵੀ ਸੁਰੱਖਿਆ ਹੈ।
ਸੁਰੱਖਿਆ ਮੁਲਾਜ਼ਮ ਦੀ ਜਾਂਚ ਦੀ ਮੰਗ: ਸੰਦੀਪ ਥਾਪਰ ਦੀ ਸੁਰੱਖਿਆ ਦੇ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਦੀ ਜਾਂਚ ਦੀ ਪਰਿਵਾਰ ਨੇ ਵੀ ਮੰਗ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਸ਼ਿਵ ਸੈਨਾ ਆਗੂਆਂ ਨੇ ਕਿਹਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ। ਹਾਲਾਂਕਿ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਜ਼ਰੂਰ ਸਫਾਈ ਦਿੰਦਿਆਂ ਕਿਹਾ ਸੀ ਕਿ ਕਈ ਵਾਰ ਐਕਸ਼ਨ 'ਤੇ ਰਿਐਕਸ਼ਨ ਹੁੰਦਾ ਹੈ। ਉਹਨਾਂ ਕਿਹਾ ਕਿ ਜੇਕਰ ਸੈਲਫ ਡਿਫੈਂਸ ਲਈ ਤੁਹਾਡੇ ਕੋਲ ਹਥਿਆਰ ਦਿੱਤਾ ਗਿਆ ਹੈ ਤਾਂ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਹ ਵਰਤੋਂ ਕਿਉਂ ਨਹੀਂ ਕੀਤੀ ਗਈ, ਐਕਸ਼ਨ ਕਿਉਂ ਨਹੀਂ ਲਿਆ ਗਿਆ ਇਸ ਸਬੰਧੀ ਅਸੀਂ ਜ਼ਰੂਰ ਇੰਟਰਨਲ ਇਨਕੁਇਰੀ ਬਿਠਾਈ ਹੈ। ਜੋ ਸੰਦੀਪ ਥਾਪਰ ਦੀ ਸੁਰੱਖਿਆ ਦੇ ਵਿੱਚ ਤੈਨਾਤ ਪੁਲਿਸ ਅਧਿਕਾਰੀ ਦੀ ਜਾਂਚ ਕਰੇਗੀ ਅਤੇ ਉਸ ਨੂੰ ਪੁੱਛਕਿਛ ਕਰੇਗੀ। ਉੱਥੇ ਹੀ ਦੂਜੇ ਪਾਸੇ ਸੰਦੀਪ ਥਾਪਰ ਦੀ ਪਤਨੀ ਨੇ ਕਿਹਾ ਕਿ ਜੇਕਰ ਉਸਨੇ ਆਪਣਾ ਕੰਮ ਸਹੀ ਢੰਗ ਨਾਲ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਹਾਲਾਤ ਨਹੀਂ ਦੇਖਣੇ ਪੈਂਦੇ। ਸ਼ਿਵ ਸੈਨਾ ਆਗੂ ਨੀਰਜ ਸ਼ਰਮਾ ਨੇ ਕਿਹਾ ਕਿ ਕਦੇ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਕਦੇ ਵਾਪਸ ਲਈ ਜਾਂਦੀ ਹੈ।
ਸੰਦੀਪ ਥਾਪਰ ਦੀ ਵਾਇਰਲ ਪੋਸਟ (ETV BHARAT) ਕਾਨੂੰਨ ਵਿਵਸਥਾ ਤੇ ਸਵਾਲ: ਦੂਜੇ ਪਾਸੇ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਹਨ। ਸੁਨੀਲ ਜਾਖੜ ਨੇ ਕਿਹਾ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਹੈ। ਉੱਥੇ ਹੀ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਕਿਸੇ ਵੀ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਹੋਣੀ ਸਭ ਤੋਂ ਅਹਿਮ ਅੰਗ ਹੈ ਅਤੇ ਇਹ ਮਹਿਕਮਾ ਖੁਦ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਹੀ ਸੁਰੱਖਿਤ ਨਹੀਂ ਹੈ ਤਾਂ ਫਿਰ ਪੰਜਾਬ ਦੇ ਵਿੱਚ ਕੌਣ ਸੁਰੱਖਿਅਤ ਹੈ, ਇਸ ਦਾ ਜਵਾਬ ਵੀ ਦੇਣਾ ਚਾਹੀਦਾ ਹੈ। ਉੱਥੇ ਹੀ ਦੂਜੇ ਪਾਸੇ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਥਰੈਟ ਹੋਣ ਦੇ ਬਾਵਜੂਦ ਕਿਉਂ ਨਹੀਂ ਉਹਨਾਂ ਵੱਲੋਂ ਲੋੜਿੰਦੀ ਸੁਰੱਖਿਆ ਮੁਹੱਈਆ ਕਰਵਾਈ ਗਈ।
AAP ਐਮਪੀ ਦੀ ਪੋਸਟ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਸੰਦੀਪ ਥਾਪਰ ਵੱਲੋਂ 3 ਜੂਨ ਨੂੰ ਪਾਈ ਗਈ ਇੱਕ ਪੋਸਟ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਲੱਡੂ ਵੰਡਣ ਦੀ ਗੱਲ ਕਹੀ ਹੈ। ਇਸ ਤੋਂ ਅੱਗੇ ਵਿਕਰਮਜੀਤ ਸਿੰਘ ਸਾਹਨੀ ਨੇ ਲਿਖਿਆ ਹੈ ਕਿ ਕਿਸੇ ਵੀ ਧਰਮ ਦੀ ਭਾਵਨਾਵਾਂ ਨੂੰ ਢਾਹ ਲਾਉਣਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਜੋ ਇਸ ਤਰ੍ਹਾਂ ਦੀਆਂ ਭੜਕਾਊ ਬਿਆਨਬਾਜ਼ੀਆਂ ਕਰਦੇ ਹਨ, ਸਰਕਾਰ ਅਤੇ ਪ੍ਰਸ਼ਾਸਨ ਨੂੰ ਉਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਸ ਵੇਲੇ ਪਿਛਲੇ ਸਾਲ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ ਅਤੇ ਨੁਕਸਾਨ ਹੋ ਰਿਹਾ ਸੀ, ਉਸ ਵੇਲੇ ਅਜਿਹੀ ਪੋਸਟ ਪਾਈ ਗਈ ਸੀ।