ਲੁਧਿਆਣਾ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2 ਸਾਲ ਬਾਅਦ ਹੋਣੀਆਂ ਹਨ ਪਰ ਹੁਣ ਤੋਂ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਗਨ। ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਦੌਰਾਨ ਭਾਜਪਾ ਦੇ ਆਗੂਆਂ ਦੀ ਆਮਦ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਮੁੜ ਤੋਂ ਗਠਜੋੜ ਹੋ ਸਕਦਾ ਹੈ। ਹਾਲਾਂਕਿ ਦਿੱਲੀ ਵਿੱਚ ਨਵੇਂ ਮੰਤਰੀ ਮਨਜਿੰਦਰ ਸਿਰਸਾ ਨੇ ਅੰਮ੍ਰਿਤਸਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਪਰ ਪੰਜਾਬ ਦੀ ਲੀਡਰਸ਼ਿਪ ਹਾਲੇ ਵੀ ਇਸ ਵੱਲ ਨਿਗਾਹਾਂ ਲਾਈ ਬੈਠੀ ਹੈ।
ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਛਿੜੀ ਚਰਚਾ (Etv Bharat) ਲੁਧਿਆਣਾ ਪਹੁੰਚੇ ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਨੇ ਸਾਫ ਤੌਰ ਉੱਤੇ ਕਿਹਾ ਹੈ ਕਿ "ਸਿਆਸਤ ਦੇ ਵਿੱਚ ਸੰਭਾਵਨਾਵਾਂ ਹਮੇਸ਼ਾ ਹੀ ਰਹਿੰਦੀਆਂ ਹਨ ਅਤੇ ਇਹ ਸਮੇਂ ਉੱਤੇ ਜਾ ਕੇ ਦੇਖਿਆ ਜਾਵੇਗਾ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਜੋ ਵਿਆਹ ਸਮਾਗਮ ਦੇ ਦੌਰਾਨ ਸਾਰੇ ਆਏ ਸਨ, ਸਾਰੇ ਇਕੱਠੇ ਹੋਏ ਸਨ ਉਹ ਇੱਕ ਸਮਾਜਿਕ ਵਰਤਾਰਾ ਸੀ ਇਸ ਕਰਕੇ ਇਸ ਦੀ ਸੰਭਾਵਨਾਵਾਂ ਕਿਸੇ ਵਿਆਹ ਉੱਤੇ ਇਕੱਠ ਨੂੰ ਲੈ ਕੇ ਨਹੀਂ ਲਾਈਆਂ ਜਾ ਸਕਦੀਆਂ।"
ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ"ਹੁਣ ਕਿਸ ਦੀ ਗੱਲ ਮੰਨੀ ਜਾ ਸਕਦੀ ਹੈ, ਰਾਣਾ ਗੁਰਮੀਤ ਸੋਢੀ ਦੀ ਗੱਲ ਮੰਨੀਏ ਜਾਂ ਫਿਰ ਮਨਜਿੰਦਰ ਸਿਰਸਾ ਦੀ ਗੱਲ ਮੰਨੀਏ ? ਮਨਜਿੰਦਰ ਸਿਰਸਾ ਸਾਫ ਮਨਾ ਕਰਕੇ ਗਏ ਹਨ। ਇੱਕ ਗੱਲ ਸਪਸ਼ਟ ਹੈ ਕਿ ਅਕਾਲੀ ਦਲ ਆਪਣੇ ਵਿਚਾਰਾਂ ਉੱਤੇ ਆਪਣੀ ਏਜੰਡੇ ਉੱਤੇ ਸਮਝੌਤਾ ਨਹੀਂ ਕਰੇਗੀ। ਇਸ ਸਬੰਧੀ ਸਾਡੀ ਲੀਡਰਸ਼ਿਪ ਪਹਿਲਾਂ ਹੀ ਇਹ ਸਾਫ ਕਰ ਚੁੱਕੀ ਹੈ"
ਕਾਂਗਰਸ ਨੇ ਲਈ ਚੁਟਕੀ
ਕਾਂਗਰਸ ਦੇ ਆਗੂ ਕਮਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ "ਇਹ ਗਠਜੋੜ ਸਿਰਫ ਮੌਕਾ ਪ੍ਰਸਤੀ ਦਾ ਹੋਵੇਗਾ। ਭਾਜਪਾ ਨੂੰ ਕਿਸੇ ਵੀ ਕੀਮਤ ਉੱਤੇ ਪੰਜਾਬ ਦੇ ਵਿੱਚ ਲੋਕ ਆਪਣਾ ਸਮਰਥਨ ਨਹੀਂ ਦੇਣਗੇ, ਕਿਉਂਕਿ ਭਾਜਪਾ ਨੇ ਕਿਸਾਨਾਂ ਨਾਲ ਮਾੜ ਕੀਤੀ ਹੈ। ਹੁਣ ਵਿਚਾਰਾਂ ਦੀ ਗੱਲ ਖਤਮ ਹੁੰਦੀ ਜਾ ਰਹੀ ਹੈ। ਹੁਣ ਸਿਰਫ ਮੌਕਾ ਪ੍ਰਸਤੀ ਦੀ ਰਾਜਨੀਤੀ ਰਹਿ ਗਈ। ਜੇਕਰ ਇਨ੍ਹਾਂ ਦਾ ਸਮਝੌਤਾ ਵੀ ਹੁੰਦਾ ਹੈ ਤਾਂ ਸਿਰਫ ਉਹ ਮੌਕਾ ਪ੍ਰਸਤੀ ਦਾ ਹੋਵੇਗਾ ਸੱਤਾ ਉੱਤੇ ਕਾਬਜ਼ ਹੋਣ ਲਈ ਹੋਵੇਗਾ ਵਿਚਾਰਾਂ ਦਾ ਜਾਂ ਫਿਰ ਏਜੰਡੇ ਦਾ ਸਮਝੌਤਾ ਨਹੀਂ ਹੋਵੇਗਾ।"