ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਮੱਤੇਵਾੜਾ ਦਾ ਗੁਰਤੇਜ ਬਾਕੀ ਪੰਜਾਬ ਦੇ ਨੌਜਵਾਨਾਂ ਦੀ ਤਰ੍ਹਾਂ ਸਾਲ 2001 ਦੇ ਵਿੱਚ ਆਪਣੇ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਜਿਹੜੇ ਏਜੰਟ ਦੇ ਰਾਹੀਂ ਉਹ ਆਪਣੇ ਸੁਫ਼ਨੇ ਪੂਰੇ ਕਰਨ ਲਈ ਵਿਦੇਸ਼ ਦਾ ਵੀਜ਼ਾ ਲਵਾ ਰਿਹਾ ਹੈ। ਅਸਲ 'ਚ ਉਹ ਉਸ ਲਈ ਉਮਰ ਕੈਦ ਦੀ ਸਜ਼ਾ ਤੋਂ ਵੀ ਜਿਆਦਾ ਮੁਸ਼ਕਿਲ ਬਣ ਜਾਵੇਗੀ। ਗਲਤ ਏਜੰਟਾਂ ਦੇ ਜਾਲ ਵਿੱਚ ਫਸ ਕੇ ਸਿੱਧੇ ਰਾਹ ਲੇਬਨਾਨ ਜਾਣ ਦੀ ਇੱਛਾ ਰੱਖਣ ਵਾਲੇ ਗੁਰਤੇਜ ਨੂੰ ਡੋਂਕੀ ਲਾਉਣੀ ਪਈ।
23 ਸਾਲ ਬਾਅਦ ਪਰਤਿਆ ਘਰ (ETV BHARAT) ਪੋਤਿਆਂ ਵਾਲਾ ਹੋ ਕੇ ਮੁੜਿਆ ਵਾਪਸ
ਪਹਿਲਾਂ ਜੋਰਡਨ ਅਤੇ ਫਿਰ ਸੀਰੀਆ ਦਾ ਬਾਰਡਰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਪਾਰ ਕੀਤਾ। ਫਿਰ ਸਾਲ 2006 ਦੇ ਵਿੱਚ ਜਦੋਂ ਲੇਬਨਾਨ ਅੰਦਰ ਜੰਗ ਲੱਗੀ ਤਾਂ ਪਾਸਪੋਰਟ ਵੀ ਗਵਾ ਲਿਆ। ਉਸ ਤੋਂ ਬਾਅਦ 23 ਸਾਲ ਬਾਅਦ ਹੁਣ ਉਹ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਦੇ ਨਾਲ ਵਾਪਸ ਪਹੁੰਚਿਆ ਹੈ। ਉਹ ਅੱਜ ਵੀ ਉਸ ਵਕਤ ਨੂੰ ਯਾਦ ਕਰਕੇ ਰੋ ਪੈਂਦਾ ਹੈ ਜਦੋਂ ਆਪਣੇ ਪਰਿਵਾਰ ਤੋਂ ਦੂਰ ਰਿਹਾ। ਜਦੋਂ ਉਹ ਗਿਆ ਸੀ ਤਾਂ ਉਸ ਦਾ ਇੱਕ ਬੇਟਾ ਪੰਜ ਸਾਲ ਦਾ ਸੀ ਅਤੇ ਇੱਕ ਦੋ ਸਾਲ ਦਾ ਅਤੇ ਜਦੋਂ ਹੁਣ ਵਾਪਿਸ ਆਇਆ ਹੈ ਤਾਂ ਉਸ ਦਾ ਖੁਦ ਦਾ ਪੋਤਾ ਛੇ ਸਾਲ ਦਾ ਹੋ ਗਿਆ ਹੈ। ਉਸ ਨੇ ਨਾ ਹੀ ਬੱਚਿਆਂ ਦਾ ਵਿਆਹ ਵੇਖਿਆ ਨਾ ਹੀ ਉਹਨਾਂ ਦੇ ਪੋਤਿਆਂ ਦਾ ਮੂੰਹ ਵੇਖ ਸਕਿਆ।
23 ਸਾਲ ਬਾਅਦ ਘਰ ਵਾਪਸੀ
23 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਉਹ ਕੁਝ ਦਿਨ ਪਹਿਲਾਂ ਹੀ ਘਰ ਪਰਤਿਆ ਹੈ। ਉਸ ਨੇ ਆਪਣੇ ਪਰਿਵਾਰ ਦੇ ਨਾਲ ਸਾਰੀ ਹੱਡ ਬੀਤੀ ਦੱਸੀ ਤੇ ਦੱਸਿਆ ਕਿ ਕਿਸ ਤਰ੍ਹਾਂ ਉੱਥੇ ਰਹਿ ਕੇ ਉਸ ਨੇ ਗੁਜ਼ਾਰਾ ਕੀਤਾ। ਉਨ੍ਹਾਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਲਈ ਇਹ 23 ਸਾਲ ਉਮਰ ਕੈਦ ਨਾਲੋਂ ਵੀ ਵੱਧ ਕੇ ਸਨ। ਉਹਨਾਂ ਪੰਜਾਬ ਦੇ ਬਾਕੀ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਜੇਕਰ ਕੋਈ ਵੀ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਜ਼ਰੂਰ ਜਾਵੇ ਪਰ ਫਰਜ਼ੀ ਏਜੰਟਾਂ ਤੋਂ ਸੁਚੇਤ ਰਹਿਣ, ਇਸ ਤੋਂ ਇਲਾਵਾ ਡੌਂਕੀ ਲਗਾ ਕੇ ਨਾ ਜਾਵੇ। ਉਹਨਾਂ ਕਿਹਾ ਇਸ ਨਾਲ ਨਾ ਸਿਰਫ ਤੁਹਾਡਾ ਭਵਿੱਖ ਖਰਾਬ ਹੁੰਦਾ ਹੈ, ਸਗੋਂ ਪਿੱਛੇ ਛੱਡਿਆ ਪਰਿਵਾਰ ਵੀ ਪੂਰੀ ਤਰ੍ਹਾਂ ਖਿੱਲਰ ਜਾਂਦਾ ਹੈ।
ਰਾਜ ਸਭਾ ਮੈਂਬਰ ਨੇ ਕੀਤੀ ਮਦਦ
ਗੁਰਤੇਜ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਉਹ ਵਿਦੇਸ਼ ਦੇ ਵਿੱਚ ਬੈਠਾ ਪਰੇਸ਼ਾਨ ਸੀ, ਉੱਥੇ ਹੀ ਦੂਜੇ ਪਾਸੇ ਉਸ ਦਾ ਪਰਿਵਾਰ ਇੱਥੇ ਵੀ ਪਰੇਸ਼ਾਨ ਸੀ। ਵੱਡੇ ਬੇਟੇ ਦਾ ਘਰੇ ਵਿਆਹ ਰੱਖ ਲਿਆ, ਕਾਫੀ ਸਮਾਂ ਉਡੀਕ ਵੀ ਕੀਤਾ ਪਰ ਜਦੋਂ ਉਮੀਦ ਨਹੀਂ ਰਹੀ ਤਾਂ ਆਖਿਰਕਾਰ ਬੇਟੇ ਦਾ ਵਿਆਹ ਕਰਨਾ ਪਿਆ। ਗੁਰਤੇਜ ਦਾ ਵੱਡਾ ਭਰਾ ਉਸ ਲਈ ਦਰ-ਦਰ ਦੀਆਂ ਠੋਕਰਾਂ ਖਾਂਦਾ ਰਿਹਾ। ਇੱਥੋਂ ਤੱਕ ਕਿ ਕਈ ਗੇੜੇ ਪਾਸਪੋਰਟ ਦਫਤਰ ਵੀ ਲਾਏ ਪਰ ਪਾਸਪੋਰਟ ਦਾ ਨੰਬਰ ਯਾਦ ਨਾ ਹੋਣ ਕਰਕੇ ਪਾਸਪੋਰਟ ਦੁਬਾਰਾ ਨਹੀਂ ਬਣਿਆ। ਜਿਸ ਕਰਕੇ ਪਰਿਵਾਰ ਨੇ ਉਮੀਦ ਛੱਡ ਦਿੱਤੀ, ਫਿਰ ਉਸ ਨੇ ਧੂਰੀ ਜਾ ਕੇ ਮੁੱਖ ਮੰਤਰੀ ਮਾਨ ਦੀ ਧਰਮ ਪਤਨੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਸੰਤ ਸੀਚੇਵਾਲ ਨਾਲ ਜਦੋਂ ਉਹਨਾਂ ਦਾ ਸੰਪਰਕ ਹੋਇਆ ਤਾਂ ਉਹਨਾਂ ਦੀ ਮਦਦ ਦੇ ਨਾਲ ਗੁਰਤੇਜ ਵਾਪਸ ਆਇਆ। ਉਨ੍ਹਾਂ ਦੱਸਿਆ ਕਿ ਫਿਰ ਵੀ ਉਨ੍ਹਾਂ ਨੂੰ ਆਉਣ ਲਈ ਅੱਠ ਮਹੀਨਿਆਂ ਦਾ ਲੰਬਾ ਪ੍ਰੋਸੈਸ ਲੱਗ ਗਿਆ। ਇਸ ਦੌਰਾਨ ਪਰਿਵਾਰ ਅੰਮਬੈਸੀ ਦੇ ਗੇੜੇ ਲਾਉਂਦਾ ਰਿਹਾ।