ਲੁਧਿਆਣਾ:ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਧੂ 'ਤੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਵੱਲੋਂ ਧਾਰਾ 420, 465, 467, 468 ਅਤੇ 471 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਚੋਣ ਕਮਿਸ਼ਨ ਨੂੰ ਸ਼ਿਕਾਇਤ ਤੋਂ ਬਾਅਦ ਕਾਰਵਾਈ: ਦਰਅਸਲ ਇਹ ਪੂਰਾ ਮਾਮਲਾ ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਤਹਿਤ 64 ਦੇ ਕਰੀਬ ਜਾਲੀ ਡਿਗਰੀ ਲੈ ਕੇ ਪ੍ਰੈਕਟਿਸ ਕਰ ਰਹੇ ਵਕੀਲਾਂ ਦਾ ਹੈ,ਜਿਨਾਂ ਵਿੱਚੋਂ ਪਰਮਿੰਦਰ ਸਿੰਘ ਦਾ ਨਾਂ ਵੀ ਸ਼ਾਮਿਲ ਹੈ। ਪਰਮਿੰਦਰ ਸਿੰਘ ਦੀ ਸ਼ਿਕਾਇਤ ਲੁਧਿਆਣਾ ਤੋਂ ਹੀ ਐਡਵੋਕੇਟ ਡੇਵਿਡ ਗਿੱਲ ਵੱਲੋਂ ਕੀਤੀ ਗਈ ਸੀ। ਲੱਗਭਗ ਚਾਰ ਸਾਲ ਪਹਿਲਾਂ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਆਖਿਰਕਾਰ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਡੇਵਿਡ ਗਿੱਲ ਨੇ ਸ਼ਿਕਾਇਤ ਭੇਜੀ, ਜਿਸ ਤੋਂ ਬਾਅਦ ਲੁਧਿਆਣਾ ਦੀ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਵਿੱਚ ਪਰਮਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਾਅਲੀ ਡਿਗਰੀ ਨਾਲ ਵਕੀਲੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਵਿਡ ਗਿੱਲ ਨੇ ਦੱਸਿਆ ਕਿ ਕਿਸ ਤਰ੍ਹਾਂ ਪਰਮਿੰਦਰ ਸਿੰਘ ਸੰਧੂ ਨੇ ਬਾਰ੍ਹਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਲਗਾ ਕੇ ਬੀ.ਏ ਅਤੇ ਐਲਐਲਬੀ ਦੀ ਡਿਗਰੀ ਹਾਸਿਲ ਕੀਤੀ। ਜਿਸ ਤੋਂ ਬਾਅਦ ਜਦੋਂ ਇਹਨਾਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਜਾਅਲੀ ਨਿਕਲੇ। ਇਸ ਸਬੰਧੀ ਪੰਜਾਬ ਸਿੱਖਿਆ ਬੋਰਡ ਮੋਹਾਲੀ ਦੀ ਰਿਪੋਰਟ ਦੇ ਮੁਤਾਬਿਕ ਪਰਮਿੰਦਰ ਸਿੰਘ ਮਾਰਚ 2008 ਦੇ ਵਿੱਚ ਬਾਰ੍ਹਵੀਂ ਜਮਾਤ ਅੰਦਰ ਫੇਲ੍ਹ ਹੋ ਗਿਆ ਸੀ। ਜਦੋਂ ਕਿ ਉਸ ਨੇ 2008 ਦੇ ਵਿੱਚ ਆਪਣੇ ਬਾਰ੍ਹਵੀਂ ਕਰਨ ਦੇ ਦਸਤਾਵੇਜ਼ ਡਿਗਰੀ ਹਾਸਿਲ ਕਰਨ ਦੇ ਲਈ ਲਗਾਏ ਸਨ। ਡੇਵਿਡ ਗਿੱਲ ਨੇ ਕਿਹਾ ਹੈ ਕਿ ਸਿਆਸੀ ਲਿੰਕ ਹੋਣ ਕਰਕੇ ਉਸ 'ਤੇ ਕਾਰਵਾਈ ਨਹੀਂ ਹੋਈ ਪਰ ਹੁਣ ਪਰਚਾ ਦਰਜ ਹੋਇਆ ਹੈ ਅਤੇ ਹੁਣ ਜਲਦ ਹੀ ਉਸ ਦੀ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ।
ਪੁਲਿਸ ਨੇ ਕੀਤੀ ਪਰਚੇ ਦੀ ਪੁਸ਼ਟੀ: ਇਸ ਸਬੰਧੀ ਅਸੀਂ ਲੁਧਿਆਣਾ ਦੇ ਸਿਵਲ ਲਾਈਨ ਏਸੀਪੀ ਜਤਿਨ ਬਾਂਸਲ ਨੂੰ ਫੋਨ 'ਤੇ ਵੀ ਇਹ ਜਾਣਕਾਰੀ ਲਈ ਕਿ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਕਿ ਉਹ ਪਰਮਿੰਦਰ ਸਿੰਘ ਸੰਧੂ 'ਤੇ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਵਿੱਚ ਹੀ ਦਰਜ ਕੀਤੀ ਗਈ ਹੈ ਤਾਂ ਉਹਨਾਂ ਇਸ ਦੀ ਪੁਸ਼ਟੀ ਕੀਤੀ ਹੈ। ਏਸੀਪੀ ਨੇ ਕਿਹਾ ਹੈ ਕਿ ਇਹ ਮਾਮਲਾ ਸਾਡੇ ਵੱਲੋਂ ਹੀ ਦਰਜ ਕੀਤਾ ਗਿਆ ਹੈ।