ਖੰਨਾ :ਸੋਮਵਾਰ ਦੀ ਸਵੇਰ ਖੰਨਾ ਦੇ ਪਿੰਡ ਅਲੌੜ ਵਿੱਚ ਇੱਕ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਰਸੋਈ ਦੇ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ ਅਤੇ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਚਾਰ ਵਿਅਕਤੀ ਝੁਲਸ ਗਏ। ਇਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਖੁਸ਼ਕਿਸਮਤੀ ਰਹੀ ਕਿ ਸਿਲੰਡਰ ਨਹੀਂ ਫਟਿਆ। ਇਸ ਨਾਲ ਗੰਭੀਰ ਨੁਕਸਾਨ ਵੀ ਹੋ ਸਕਦਾ ਸੀ।
ਖੰਨਾ 'ਚ LPG ਸਿਲੰਡਰ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 4 ਲੋਕ ਝੁਲਸੇ, ਖਾਣਾ ਬਣਾਉਂਦੇ ਸਮੇਂ ਵਾਪਰਿਆ ਹਾਦਸਾ - Khanna Cylinder Blast
ਖੰਨਾ 'ਚ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਝੁਲਸ ਗਏ। ਇਸ ਦੌਰਾਨ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਖਾਣਾ ਪਕਾਉਂਦੇ ਸਮੇਂ ਬੱਚੇ ਮਾਂ ਕੋਲ ਬੈਠੇ ਸਨ ਇਸ ਕਾਰਨ ਉਹ ਇਸ ਬਲਾਸਟ ਦੀ ਚਪੇਟ 'ਚ ਆ ਗਏ।
![ਖੰਨਾ 'ਚ LPG ਸਿਲੰਡਰ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 4 ਲੋਕ ਝੁਲਸੇ, ਖਾਣਾ ਬਣਾਉਂਦੇ ਸਮੇਂ ਵਾਪਰਿਆ ਹਾਦਸਾ LPG cylinder caught fire in Khanna, 4 people including 3 children were burnt, accident while cooking](https://etvbharatimages.akamaized.net/etvbharat/prod-images/18-03-2024/1200-675-21012632-231-21012632-1710752072769.jpg)
Published : Mar 18, 2024, 2:30 PM IST
ਬੱਚੇ ਆਪਣੀ ਮਾਂ ਕੋਲ ਬੈਠੇ ਸੀ: ਬਲਬੀਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਉਸ ਦੀ ਪਤਨੀ ਖਾਣਾ ਬਣਾ ਰਹੀ ਸੀ। ਕੋਲ ਹੀ ਉਸਦਾ ਪੁੱਤਰ, ਭਤੀਜਾ ਅਤੇ ਭਤੀਜੀ ਬੈਠੇ ਸਨ। ਫਿਰ ਉਸਦੀ ਪਤਨੀ ਹੱਥ ਧੋਣ ਚਲੀ ਗਈ। ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਅੱਗ ਫੈਲ ਗਈ। ਬੱਚਿਆਂ ਦੀਆਂ ਚੀਕਾਂ ਸੁਣ ਕੇ ਘਰ ਵਿੱਚ ਮੌਜੂਦ ਬਜ਼ੁਰਗ ਜੋਗਾ ਸਿੰਘ ਉਨ੍ਹਾਂ ਨੂੰ ਬਚਾਉਣ ਲਈ ਗਿਆ ਤਾਂ ਅੱਗ ਦੀ ਲਪੇਟ ਵਿੱਚ ਆ ਗਿਆ।ਅੱਗ ਨਾਲ ਗੰਭੀਰ ਰੂਪ ਵਿੱਚ ਬੱਚੇ ਅਤੇ ਬਜ਼ੁਰਗ ਝੁਲਸ ਗਏ। ਜੋਗਾ ਸਿੰਘ ਨੇ ਦੱਸਿਆ ਕਿ ਬੱਚੇ ਸਿਲੰਡਰ ਕੋਲ ਬੈਠੇ ਸੀ ਕਿ ਅਚਾਨਕ ਸਿਲੰਡਰ ਚੋਂ ਅੱਗ ਨਿਕਲੀ ਅਤੇ ਬੱਚਿਆਂ ਨੂੰ ਲਪੇਟ ਵਿੱਚ ਲੈ ਲਿਆ। ਓਹ ਤੁਰੰਤ ਬੱਚਿਆਂ ਨੂੰ ਬਚਾਉਣ ਗਿਆ ਅਤੇ ਉਸਨੂੰ ਵੀ ਅੱਗ ਨੇ ਲਪੇਟ ਵਿੱਚ ਲਿਆ।
ਆਸ-ਪਾਸ ਦੇ ਲੋਕਾਂ ਨੇ ਜਾਨ ਬਚਾਈ:ਘਰ 'ਚ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਫਾਇਰ ਬ੍ਰਿਗੇਡ ਦੇ ਇੰਤਜ਼ਾਰ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਬੱਚਿਆਂ ਦੀ ਜਾਨ ਬਚਾਈ। ਸਿਲੰਡਰ ਨੂੰ ਤੁਰੰਤ ਘਰ ਦੇ ਬਾਹਰ ਸੁੱਟਣ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਝੁਲਸੇ ਬੱਚਿਆਂ ਦੀ ਉਮਰ 6 ਤੋਂ 14 ਸਾਲ ਹੈ। ਇਹਨਾਂ ਵਿਚੋਂ ਦੋ ਬੱਚੇ ਕਰੀਬ 40 ਫੀਸਦੀ ਝੁਲਸ ਗਏ। ਜਿਹਨਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ।
ਦੋ ਘੰਟੇ ਹਸਪਤਾਲਾਂ ਵਿੱਚ ਭਟਕਦੇ ਰਹੇ:ਅੱਗ ਦੀ ਘਟਨਾ ਵਿੱਚ ਝੁਲਸ ਗਏ ਲੋਕਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ। ਸਾਬਕਾ ਸਰਪੰਚ ਨੇ ਦੱਸਿਆ ਕਿ ਪਹਿਲਾਂ ਇਹਨਾਂ ਨੂੰ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਥੋਂ ਇਲਾਜ ਨਾ ਹੋਣ ’ਤੇ ਉਹ ਮੰਡੀ ਗੋਬਿੰਦਗੜ੍ਹ ਦੇ ਇਕ ਨਿੱਜੀ ਹਸਪਤਾਲ ਲੈ ਗਏ। ਉੱਥੇ ਵੀ ਇਲਾਜ ਤੋਂ ਇਨਕਾਰ ਕਰ ਦਿੱਤਾ ਗਿਆ। ਅਖੀਰ ਉਹ ਝੁਲਸੇ ਹੋਏ ਲੋਕਾਂ ਨੂੰ ਲੈ ਕੇ ਵਾਪਸ ਖੰਨਾ ਦੇ ਸਰਕਾਰੀ ਹਸਪਤਾਲ ਪਹੁੰਚੇ। ਇਸ ਦੌਰਾਨ ਬੱਚੇ ਬੁਰੀ ਤਰ੍ਹਾਂ ਤੜਫਦੇ ਰਹੇ।