ਕਪੂਰਥਲਾ: ਕਾਲਾ ਸੰਘਿਆਂ ਇਲਾਕੇ 'ਚ ਪੈਟਰੋਲ ਪੰਪ 'ਤੇ ਕਾਰ ਸਵਾਰ ਦੋ ਨੌਜਵਾਨਾਂ ਨੇ ਪਹਿਲਾਂ ਕਾਰ ਵਿੱਚ ਪੈਟਰੋਲ ਭਰਵਾਇਆ ਅਤੇ ਫਿਰ ਗੰਨ ਪੁਆਇੰਟ ਉੱਤੇ ਪੰਪ ਦੇ ਕਰਿੰਦਿਆਂ ਤੋਂ 10 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਲੁਟੇਰੇ ਖੋਹ ਕਰਕੇ ਭੱਜਦੇ ਨਜ਼ਰ ਆ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ 'ਚ ਦੋਵੇਂ ਮੁਲਜ਼ਮ ਵਾਰਦਾਤ ਕਰਨ ਆਏ ਸਨ, ਉਹ 4 ਦਿਨ ਪਹਿਲਾਂ ਜੰਡਿਆਲਾ ਗੁਰੂ ਤੋਂ ਖੋਹੀ ਗਈ ਸੀ। ਜਿਸ ਸਬੰਧੀ ਐਫ.ਆਈ.ਆਰ ਨੰ. 12 ਜੰਡਿਆਲਾ ਗੁਰੂ ਵਿੱਚ ਦਰਜ ਹੈ। ਇਸ ਦੀ ਪੁਸ਼ਟੀ ਕਰਦਿਆਂ ਕਾਲਾ ਸੰਘਿਆਂ ਚੌਕੀ ਦੇ ਇੰਚਾਰਜ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਧੇਰੇ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਮਾਲਕ ਵਰਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਨਕੋਦਰ ਰੋਡ ’ਤੇ ਕਾਲਾ ਸੰਘਿਆਂ ਇਲਾਕੇ ਵਿੱਚ ਵਿਜੇ ਸਰਵਿਸ ਪੈਟਰੋਲ ਪੰਪ ਹੈ। ਜਿੱਥੇ 6 ਵਰਕਰ ਕੰਮ ਕਰਦੇ ਹਨ। ਉਹ ਹਰ ਰੋਜ਼ ਸਵੇਰੇ 11 ਵਜੇ ਪੰਪ 'ਤੇ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਜਲੰਧਰ ਆ ਜਾਂਦਾ ਹੈ। ਉਸ ਦੇ ਜਾਣ ਤੋਂ ਬਾਅਦ ਹੀ ਕਰਮਚਾਰੀ ਪੰਪ ਦਾ ਕੰਮ ਸੰਭਾਲਦੇ ਹਨ। ਬੁੱਧਵਾਰ ਨੂੰ ਕਰੀਬ 11.15 ਵਜੇ ਉਹ ਘਰ ਹੀ ਸੀ ਕਿ ਪੰਪ ਦੇ ਮੈਨੇਜਰ ਰਜਿੰਦਰ ਸਿੰਘ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਇੱਕ ਚਿੱਟੇ ਰੰਗ ਦੀ ਕਾਰ ਆਈ-ਟਵੰਟੀ ਆਈ ਹੈ। ਜਿਸ 'ਚੋਂ ਇੱਕ ਅਣਪਛਾਤਾ ਕਾਰ 'ਚੋਂ ਉਤਰ ਕੇ 3000 ਰੁਪਏ ਦਾ ਤੇਲ ਪਵਾਇਆ। ਇਸ ਤੋਂ ਬਾਅਦ ਜਦੋਂ ਇੱਕ ਹੋਰ ਲੁਟੇਰਾ ਕਾਰ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਪਿਸਤੌਲ ਕੱਢ ਲਿਆ ਅਤੇ ਗੰਨ ਪੁਆਇੰਟ 'ਤੇ ਤੇਲ ਪਾਉਣ ਵਾਲੇ ਕਰਿੰਦੇ ਨੂੰ ਡਰਾ ਕੇ 10 ਹਜ਼ਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ।