ਹਰਸਿਮਰਤ ਕੌਰ ਬਾਦਲ (ETV BHARAT BATHINDA) ਬਠਿੰਡਾ:ਲੋਕ ਸਭਾ ਚੋਣਾਂ ਦੇ ਚੱਲਿਦਿਆਂ ਸੂਬੇ ਦਾ ਸਿਆਸੀ ਮਾਹੌਲ ਸਿਖਰਾਂ 'ਤੇ ਹੈ। ਹਰ ਇੱਕ ਪਾਰਟੀ ਦਾ ਉਮੀਦਵਾਰ ਆਪਣੇ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਇਸ ਪ੍ਰਚਾਰ ਦੌਰਾਨ ਆਪਣੇ ਵਿਰੋਧੀਆਂ 'ਤੇ ਜਮ ਕੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ ਤੇ ਨਾਲ ਹੀ ਲੋਕਾਂ ਨੂੰ ਭਰਮਾਉਣ ਲਈ ਵਾਅਦੇ ਤੇ ਦਾਅਵੇ ਵੀ ਕੀਤੇ ਜਾ ਰਹੇ ਹਨ।
ਕਾਂਗਰਸ ਅਤੇ ‘ਆਪ’ ਦਾ ਲੁਕਵਾਂ ਗਠਜੋੜ: ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਜਿਥੇ ਉਨ੍ਹਾਂ ਪੰਜਾਬ ਦੀ ਮਾਨ ਸਰਕਾਰ ਅਤੇ ਕਾਂਗਰਸ 'ਤੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਸੱਤ ਸਾਲਾਂ 'ਚ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਤੇ ਹੁਣ ਉਨ੍ਹਾਂ ਦੀ ਸਹਿਯੋਗੀ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅਤੇ ਚੰਡੀਗੜ੍ਹ ਤੱਕ 'ਚ ਕਾਂਗਰਸ ਤੇ 'ਆਪ' ਦਾ ਇੰਡੀਆ ਗਠਜੋੜ ਹੋਇਆ ਹੈ ਪਰ ਪੰਜਾਬ 'ਚ ਇੰਨ੍ਹਾਂ ਦੀ ਝੂਠ ਬੋਲਣ ਦੀ ਆਦਤ ਨਹੀਂ ਗਈ ਕਿ ਅਸੀਂ ਵੱਖ-ਵੱਖ ਹਾਂ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਲੁਕਵਾਂ ਗਠਜੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਜਿੱਤ ਜਾਣਗੇ ਤਾਂ ਦੋਵੇਂ ਹੀ ਇੱਕ ਹੋ ਜਾਣਗੇ।
ਮੁੱਖ ਮੰਤਰੀ ਕੋਲ ਸੂਬੇ ਲਈ ਵੀ ਸਮਾਂ ਨਹੀਂ:ਉਨ੍ਹਾਂ ਕਿਹਾ ਕਿ ਲੋਕ ਹੁਣ ਪੰਜਾਬ ਦੇ ਜਾਗਰੂਕ ਹੋ ਚੁੱਕੇ ਹਨ, ਕਿਉਂਕਿ ਇੰਨ੍ਹਾਂ ਦੇ ਘਰ-ਘਰ ਨੌਕਰੀ ਦਾ ਝੂਠ, ਕਰਜ਼ਾ ਮੁਆਫ਼ੀ ਦਾ ਝੂਠ ਜਾਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਦੇ ਝੂਠ ਤੋਂ ਸੂਬੇ ਦੇ ਲੋਕ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ ਨਹੀਂ ਹੈ। ਪੰਜਾਬ ਦੇ ਘਰ-ਘਰ 'ਚ ਨਸ਼ਾ ਹੋ ਗਿਆ ਹੈ। ਪਿਛਲੇ 5 ਸਾਲਾਂ 'ਚ ਹਰ ਘਰ 'ਚ ਨਸ਼ਾ ਵਿਕ ਰਿਹਾ ਹੈ, ਹਰ ਘਰ 'ਚ ਮਾਵਾਂ ਦੇ ਪੁੱਤ ਮਰ ਰਹੇ ਹਨ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਹੈ, ਨਾ ਹੀ ਸੂਬੇ ਦਾ ਵਿਕਾਸ ਹੋ ਰਿਹਾ ਤੇ ਨਾ ਹੀ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਇੰਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਲਈ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣਗੇ ਤਾਂ ਜੋ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪਹਿਲਾਂ ਦੀ ਤਰ੍ਹਾਂ ਬਣਾਇਆ ਜਾ ਸਕੇ।
ਮੂਸੇਵਾਲਾ ਕਤਲ 'ਚ CM 'ਤੇ ਹੋਵੇ ਪਰਚਾ:ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਸੁਰੱਖਿਆ ਵਾਪਸ ਲੈਣ ਵਾਲੇ ਮੁੱਖ ਮੰਤਰੀ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸਲਾਹਕਾਰ 'ਤੇ ਵੀ ਪਰਚਾ ਹੋਣਾ ਚਾਹੀਦਾ ਹੈ, ਕਿਉਂਕਿ ਇੰਨ੍ਹਾਂ ਨੇ ਸੁਰੱਖਿਆ ਵਾਪਸ ਲੈਕੇ ਫਿਰ ਸੋਸ਼ਲ ਮੀਡੀਆ 'ਤੇ ਉਸ ਦਾ ਪ੍ਰਚਾਰ ਕੀਤਾ ਜਿਸ ਦਾ ਨਤੀਜਾ ਮੂਸੇਵਾਲਾ ਪਰਿਵਾਰ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀ ਗਲਤੀ ਕਾਰਨ ਪੰਜਾਬ ਦਾ ਪੁੱਤ ਮਾਰਿਆ ਗਿਆ ਤੇ ਜਦੋਂ ਖੁਦ ਦੀ ਗੱਲ ਆਈ ਕਿ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ਦੀ ਪਿਛਲੀ ਸੜਕ ਖੋਲ੍ਹੀ ਜਾਵੇ ਤਾਂ ਇੰਨ੍ਹਾਂ ਨੇ ਦੁਹਾਈ ਪਾ ਲਈ। ਬੀਬਾ ਬਾਦਲ ਨੇ ਕਿਹਾ ਕਿ ਹੁਣ ਸਰਕਾਰ ਨੇ ਖੁਦ ਅਦਾਲਤ ਵਿੱਚ ਮੰਨਿਆ ਕਿ ਸੁਰੱਖਿਆ ਘੱਟ ਕਰਨ ਦੇ ਚੱਲਦੇ ਮੂਸੇਵਾਲਾ ਦਾ ਕਤਲ ਹੋਇਆ ਹੈ, ਇਸ ਲਈ ਜੇਕਰ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਰਾਜਪਾਲ ਜਾਂ ਕੇਂਦਰ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਆਮ ਘਰਾਂ ਦੇ ਮੁੰਡਿਆਂ ਨੂੰ ਹੁਣ ਕਿਉਂ ਨਹੀਂ ਦਿੱਤੀ ਟਿਕਟ: ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿੰਨਾਂ ਲੋਕਾਂ ਨੇ ਪੰਜਾਬ ਦੀ ਪੰਜ ਸਾਲ ਸੇਵਾ ਕਰਨ ਦੀ ਸਹੁੰ ਚੁੱਕੀ ਸੀ, ਉਹ ਹੁਣ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ 13 ਮੌਜੂਦਾ ਵਿਧਾਇਕ ਚੋਣਾਂ ਲੜ ਰਹੇ ਹਨ। ਦੂਸਰੇ ਪਾਸੇ ਕਾਂਗਰਸ ਦਾ ਪੰਜਾਬ ਪ੍ਰਧਾਨ ਬਠਿੰਡਾ ਤੋਂ ਭੱਜ ਕੇ ਲੁਧਿਆਣਾ 'ਚ ਚੋਣ ਲੜ ਰਿਹਾ ਹੈ, ਜਦੋਂ ਕਿ ਉਸ ਦਾ ਸਾਰਾ ਪਰਿਵਾਰ ਬਠਿੰਡਾ 'ਚ ਚੋਣ ਪ੍ਰਚਾਰ ਸ਼ੁਰੂ ਕਰ ਚੁੱਕਾ ਸੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨੇ ਚੋਣ ਤਾਂ ਬਠਿੰਡਾ ਲੜੀ ਪਰ ਕਿਸੇ ਨੇ ਇਥੇ ਮੁੜ ਕੇ ਮੂੰਹ ਨਹੀਂ ਦਿਖਾਇਆ। ਉਨ੍ਹਾਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਆਮ ਲੋਕਾਂ ਨੂੰ ਟਿਕਟਾਂ ਦੇਣ ਦੀ ਗੱਲ ਕਰਦੀ ਸੀ, ਹੁਣ ਉਨ੍ਹਾਂ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪੈ ਰਿਹਾ ਹੈ ਤੇ ਮੇਰੇ ਖਿਲਾਫ਼ ਵੀ ਇਥੋਂ ਕੈਬਨਿਟ ਮੰਤਰੀ ਨੂੰ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਕਿਉਂ ਇੰਨ੍ਹਾਂ ਨੇ ਆਮ ਘਰਾਂ ਦੇ ਲੋਕਾਂ ਨੂੰ ਟਿਕਟ ਦਿੱਤੀ।
ਭਾਜਪਾ ਸਰਕਾਰ ਕਿਸਾਨ ਵਿਰੋਧੀ: ਉਥੇ ਹੀ ਪਟਿਆਲਾ 'ਚ ਕਿਸਾਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਭਾਜਪਾ ਆਪਣੀਆਂ ਕਿਸਾਨ ਵਿਰੋਧੀ ਸਰਗਰਮੀਆਂ ਤੋਂ ਪਿੱਛੇ ਨਹੀਂ ਹਟ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਨਾਲ ਮਿਲ ਕੇ 700 ਤੋਂ ਵੱਧ ਕਿਸਾਨ ਸ਼ਹੀਦ ਕਰਵਾ ਦਿੱਤੇ ਤੇ ਇੱਕ ਵਾਰ ਵੀ ਦਿੱਲੀ ਨਹੀਂ ਗਿਆ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਦੀਆਂ ਭਾਜਪਾ ਨਾਲ ਪਹਿਲਾਂ ਤੋਂ ਹੀ ਤਾਰਾਂ ਜੁੜੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਬਦਲਾਅ ਦੀ ਗੱਲ ਕਰਨ ਵਾਲੀ ਮਾਨ ਸਰਕਾਰ ਨੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਉਹੀ ਮੰਗਾਂ ਲਈ ਪੰਜਾਬ ਦੀਆਂ ਸਰਹੱਦਾਂ 'ਤੇ ਬੈਠੇ ਹਨ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਉਨ੍ਹਾਂ 'ਤੇ ਤਸ਼ੱਦਦ ਕਰ ਰਹੀ ਹੈ ਤੇ ਪੰਜਾਬ 'ਚ ਦਾਖ਼ਲ ਹੋ ਕੇ ਨੌਜਵਾਨ ਕਿਸਾਨ ਸ਼ਹੀਦ ਕਰ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਾਰਵਾਈ ਨਹੀਂ ਕੀਤੀ।
ਗੁਰਮੀਤ ਖੁੱਡੀਆਂ ਨੂੰ ਵੀ ਮੋੜਵਾਂ ਜਵਾਬ:ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਨੇ ਹਰਸਿਮਰਤ ਬਾਦਲ ਨੂੰ ਪਿਛਲੇ 15 ਸਾਲਾਂ ਵਿੱਚ ਕੋਈ ਪੰਜ ਵੱਡੇ ਪ੍ਰੋਜੈਕਟ ਲੈ ਕੇ ਆਉਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਖੁੱਡੀਆਂ ਸਾਹਿਬ ਬਹੁਤ ਸਤਿਕਾਰਯੋਗ ਹਨ ਤੇ ਮੰਤਰੀ ਬਣਨ ਉਤੇ ਮੈਂ ਵਧਾਈ ਦਿੱਤੀ ਸੀ ਤੇ ਕਿਹਾ ਸੀ ਕਿ ਆਓ ਰਲ ਮਿਲ ਕੇ ਲੰਬੀ ਦੇ ਲੋਕਾਂ ਦੀ ਭਲਾਈ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਤਾਂ ਖੁੱਡੀਆਂ ਸਾਹਿਬ ਉਸ 'ਚ ਸੀ ਤੇ ਅਹੁਦੇ ਵੀ ਮਿਲੇ ਤੇ ਹੁਣ ਢਾਈ ਸਾਲ ਦੇ ਕਰੀਬ 'ਆਪ' ਸਰਕਾਰ ਨੂੰ ਹੋ ਚੱਲੇ ਹਨ ਪਰ ਉਹ ਦੱਸ ਦੇਣ ਕਿ ਇੰਨ੍ਹਾਂ ਸੱਤ ਸਾਲਾਂ 'ਚ ਉਹ ਕਿਹੜੇ ਪ੍ਰੋਜੈਕਟ ਲੈ ਕੇ ਆਏ ਹਨ। ਬੀਬਾ ਬਾਦਲ ਨੇ ਕਿਹਾ ਕਿ ਮੈਂ 15 ਸਾਲਾਂ 'ਚ ਬਠਿੰਡਾ 'ਚ 5 ਨਹੀਂ ਸਗੋਂ ਮੈਂ 50 ਪ੍ਰੋਜੈਕਟ ਗਿਣਾ ਸਕਦੀ ਹਾਂ। ਉਨ੍ਹਾਂ ਕਿਹਾ ਕਿ ਜੇ ਖੁੱਡੀਆਂ ਸਾਹਿਬ ਨੂੰ ਨਜ਼ਰ ਨਹੀਂ ਆਉਂਦੇ ਤਾਂ ਉਹ ਲੋਕਾਂ ਨੂੰ ਪੁੱਛ ਸਕਦੇ ਹਨ।