ਪਟਿਆਲਾ:ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਾਲੇ ਜਿਥੇ ਪਾਰਟੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਕਈ ਥਾਵਾਂ 'ਤੇ ਲੀਡਰ ਪਾਰਟੀਆਂ ਬਦਲ ਰਹੇ ਹਨ ਜਾਂ ਉਮੀਦਵਾਰਾਂ ਤੋਂ ਆਗੂਆਂ ਜਾਂ ਵਰਕਰਾਂ ਦੀ ਨਾਰਾਜ਼ਗੀ ਨਜ਼ਰ ਆ ਰਹੀ ਹੈ। ਜਿਸ 'ਚ ਉਨ੍ਹਾਂ ਨੂੰ ਮਨਾਉਣ ਦੀ ਕਬਾਇਦ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਵਰਕਰਾਂ ਤੇ ਆਗੂਆਂ ਵਲੋਂ ਵਿਰੋਧ ਵੀ ਲਗਾਤਾਰ ਜਾਰੀ ਹੈ, ਜਿੰਨ੍ਹਾਂ ਨੂੰ ਮਨਾਉਣ ਦੀ ਕਬਾਇਦ ਵੀ ਕੀਤੀ ਜਾ ਰਹੀ ਹੈ।
ਲੋਕ ਸਭਾ 'ਚ ਚੁੱਕਾਂਗਾ ਰਹਿੰਦਾ ਮੁੱਦੇ: ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਪਟਿਆਲਾ ਪੁੱਜੇ। ਜਿੱਥੇ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਰੁੱਸੇ ਹੋਏ ਆਗੂਆਂ ਤੇ ਵਰਕਰਾਂ ਨੂੰ ਮਨਾਇਆ ਵੀ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ 2014 'ਚ ਮੈਨੂੰ ਕਈ ਮੁੱਦਿਆਂ 'ਤੇ ਸਫਲਤਾ ਮਿਲੀ, ਜਿਨ੍ਹਾਂ ਲਈ ਮੈਂ ਲੋਕ ਸਭਾ 'ਚ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮੁੱਦੇ ਸਨ, ਜਿਨ੍ਹਾਂ 'ਤੇ ਮੈਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਈ ਸੀ, ਪਰ ਮੈਂ ਉਸ ਸਮੇਂ ਦੁਬਾਰਾ ਸੰਸਦ ਮੈਂਬਰ ਨਹੀਂ ਸੀ, ਪਰ ਹੁਣ ਮੈਂ ਉਨ੍ਹਾਂ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾ ਰਿਹਾ ਹਾਂ, ਮੈਨੂੰ ਇਹ ਮੌਕਾ ਮਿਲਿਆ ਹੈ ਤੇ ਮੈਂ ਦੁਬਾਰਾ ਸੰਸਦ ਜਾਵਾਂਗਾ।