ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣਾਂ ਦਾ ਬਿਗੁਲ ਕਿਸੇ ਵੇਲੇ ਵੀ ਵੱਜ ਸਕਦਾ ਹੈ। ਅਜਿਹੇ 'ਚ ਇੰਡੀਆ ਗਠਜੋੜ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਇੰਡੀਆ ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਲੋਕ ਸਭਾ ਸੀਟ ਲਈ ਕਾਂਗਰਸ ਅਤੇ 'ਆਪ' ਗਠਜੋੜ ਵਿਚਾਲੇ ਸਮਝੌਤਾ ਹੋ ਗਿਆ ਹੈ। ਇੰਡੀਆ ਅਲਾਇੰਸ 'ਚ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਇਸ ਸੀਟ 'ਤੇ ਆਮ ਆਦਮੀ ਪਾਰਟੀ ਕਾਂਗਰਸੀ ਉਮੀਦਵਾਰ ਦਾ ਸਮਰਥਨ ਕਰੇਗੀ।
ਚੰਡੀਗੜ੍ਹ ਮੇਅਰ ਦੀ ਚੋਣ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ ਮੇਅਰ ਬਣਾਇਆ ਗਿਆ ਹੈ, ਹੁਣ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੀ ਵੱਡਾ ਫੈਸਲਾ ਲਿਆ ਗਿਆ ਹੈ। ਇੰਡੀਆ ਅਲਾਇੰਸ ਨੇ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਲੋਕ ਸਭਾ ਸੀਟ ਲਈ 'ਆਪ' ਅਤੇ ਕਾਂਗਰਸ ਦਾ ਸਾਂਝਾ ਉਮੀਦਵਾਰ ਮੈਦਾਨ 'ਚ ਹੋਵੇਗਾ ਅਤੇ ਉਹ ਕਾਂਗਰਸ ਦੇ ਖਾਤੇ 'ਚੋਂ ਆਵੇਗਾ।
ਭਾਜਪਾ ਵਲੋਂ ਚੰਡੀਗੜ੍ਹ ਸੀਟ ਜਿੱਤਣ ਦਾ ਦਾਅਵਾ: ਇਸ ਦੇ ਨਾਲ ਹੀ ਭਾਜਪਾ ਦਾ ਕਹਿਣਾ ਹੈ ਕਿ ਗਠਜੋੜ ਹੋਵੇ ਜਾਂ ਨਾ ਹੋਵੇ, ਚੰਡੀਗੜ੍ਹ ਸੀਟ ਭਾਜਪਾ ਹੀ ਜਿੱਤਣ ਵਾਲੀ ਹੈ। ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਕਿਹਾ, "ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਕਰ ਕੇ ਲੋਕ ਸਭਾ ਸੀਟ ਲਈ ਚੋਣ ਲੜਦੇ ਹਨ ਤਾਂ ਵੀ ਸ਼ਹਿਰ ਵਿੱਚ ਭਾਜਪਾ ਦਾ ਹੀ ਸੰਸਦ ਮੈਂਬਰ ਹੀ ਆਵੇਗਾ।"
ਹਾਲ ਹੀ 'ਚ ਕਿਰਨ ਖੇਰ ਦੇ ਬਿਆਨ 'ਤੇ ਅਰੁਣ ਸੂਦ ਨੇ ਕਿਹਾ, "ਹੁਣ ਸਿਰਫ ਕਿਰਨ ਖੇਰ ਨੂੰ ਹੀ ਪਤਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੀ ਉਮੀਦਵਾਰੀ ਦੇਵੇਗੀ ਜਾਂ ਨਹੀਂ ਪਰ ਇਹ ਵੀ ਹਾਈਕਮਾਂਡ ਹੀ ਤੈਅ ਕਰੇਗੀ ਕਿ ਕਿਸ ਨੂੰ ਮੈਦਾਨ 'ਚ ਉਤਾਰਿਆ ਜਾਵੇਗਾ। ਜਿਥੋਂ ਤੱਕ ਮੇਰੀ ਉਮੀਦਵਾਰੀ ਦਾ ਸਵਾਲ ਹੈ, ਮੈਂ ਵੀ ਇਸ ਲੋਕ ਸਭਾ ਚੋਣ ਵਿੱਚ ਹਿੱਸਾ ਲਵਾਂਗਾ, ਪਰ ਇਹ ਫੈਸਲਾ ਵੀ ਹਾਈਕਮਾਂਡ ਦੇ ਹੱਥ ਵਿੱਚ ਹੋਵੇਗਾ ਕਿ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਿਹੜਾ ਚਿਹਰਾ ਚੋਣ ਲੜੇਗਾ।ਫਿਲਹਾਲ ਚੰਡੀਗੜ੍ਹ ਲੋਕ ਸਭਾ ਸੀਟ ਭਾਜਪਾ ਹੀ ਜਿੱਤਣ ਜਾ ਰਹੀ ਹੈ।"
ਕੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਆਗੂ?:ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਇੰਚਾਰਜ ਡਾ: ਸੰਨੀ ਆਹਲੂਵਾਲੀਆ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀਆਂ ਚਾਰ ਸੀਟਾਂ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤਿੰਨ ਸੀਟਾਂ ਲਈ ਸਹਿਮਤ ਹੋਈ ਹੈ, ਇਸ ਦੇ ਆਧਾਰ 'ਤੇ ਚੰਡੀਗੜ੍ਹ ਲੋਕ ਸਭਾ ਸੀਟ ਲਈ ਗਠਜੋੜ ਦੇ ਉਮੀਦਵਾਰ ਹੋਣਗੇ। ਇੰਡੀਆ ਅਲਾਇੰਸ ਵੱਲੋਂ ਨਵਾਂ ਮੈਨੀਫੈਸਟੋ ਤਿਆਰ ਕੀਤਾ ਜਾ ਰਿਹਾ ਹੈ ਅਤੇ ਹਰ ਥਾਂ ਲਾਗੂ ਕੀਤਾ ਜਾਵੇਗਾ। ਜਿਸ ਤਰ੍ਹਾਂ ਕਾਂਗਰਸ ਨੇ ਮੇਅਰ ਦੀ ਚੋਣ ਵਿੱਚ ਸਾਡਾ ਸਾਥ ਦਿੱਤਾ ਹੈ ਅਤੇ ਅਸੀਂ ਕਾਂਗਰਸ ਦਾ ਸਾਥ ਦਿੱਤਾ ਹੈ। ਉਸ ਤਰ੍ਹਾਂ ਹੀ ਲੋਕ ਸਭਾ ਸੀਟ ਨੂੰ ਲੈਕੇ ਵੀ ਅਸੀਂ ਇਕਜੁੱਟ ਹੋ ਕੇ ਚੋਣਾਂ ਲੜਾਂਗੇ।
ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਉਮੀਦਵਾਰ: ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ.ਲੱਕੀ ਨੇ ਕਿਹਾ, 'ਦਿੱਲੀ 'ਚ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਸੀਟ ਨੂੰ ਲੈ ਕੇ ਮੰਗ ਰੱਖੀ ਗਈ ਸੀ, ਜਿਸ ਨੂੰ ਆਮ ਆਦਮੀ ਪਾਰਟੀ ਨੇ ਪ੍ਰਵਾਨ ਕਰ ਲਿਆ ਹੈ।' ਅਜਿਹੇ 'ਚ ਮੈਂ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਡੀ ਮੰਗ ਨੂੰ ਸਵੀਕਾਰ ਕਰਦੇ ਹੋਏ, ਭਾਜਪਾ ਖਿਲਾਫ਼ ਤਿੱਖਾ ਸੰਘਰਸ਼ ਜਾਰੀ ਰੱਖਣ ਲਈ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਨੂੰ ਦਿੱਤੀ ਹੈ। ਜਿਸ ਤਰ੍ਹਾਂ ਕਾਂਗਰਸ ਨੇ ਮੇਅਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ। ਇਸ ਲਈ ਅਸੀਂ ਮੰਗ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਲੋਕ ਸਭਾ ਸੀਟ ਲਈ ਕਾਂਗਰਸ ਨੂੰ ਸਮਰਥਨ ਦੇਵੇ ਤਾਂ ਜੋ ਸ਼ਹਿਰ ਤੋਂ ਭਾਜਪਾ ਨੂੰ ਹਰਾਇਆ ਜਾ ਸਕੇ।"