ਲੁਧਿਆਣਾ:ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖਰੇ ਹੀ ਸਿਆਸੀ ਸਮੀਕਰਨ ਵੇਖਣ ਨੂੰ ਮਿਲ ਰਹੇ ਹਨ ਖਾਸ ਕਰਕੇ ਪੰਜਾਬ ਦੇ ਵਿੱਚ ਦੋ ਪਾਰਟੀਆਂ ਵਿਚਕਾਰ ਜਾਂ ਫਿਰ ਤਿੰਨ ਪਾਰਟੀਆਂ ਦੇ ਵਿਚਕਾਰ ਨਹੀਂ ਸਗੋਂ ਚੌਤਰਫਾ ਮੁਕਾਬਲਾ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਇੱਕ ਪਾਸੇ, ਜਿੱਥੇ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਪੰਜਾਬ ਚ ਕਾਂਗਰਸ ਨਾਲ ਸਮਝੌਤੇ ਤੋਂ ਇਨਕਾਰ ਕਰਦਿਆਂ ਸਾਰੀਆਂ ਹੀ ਸੀਟਾਂ ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਦਿੱਤਾ।
ਉੱਥੇ ਹੀ ਦੂਜੇ ਪਾਸੇ, ਕਾਂਗਰਸ ਨੇ ਵੀ ਹੁਣ ਆਪਣਾ ਸਟੈਂਡ ਸਾਫ ਕਰ ਦਿੱਤਾ ਹੈ। ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਦੀਆਂ ਚੱਲ ਰਹੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ 'ਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਾ ਹੋਣ ਕਰਕੇ ਇਸ ਗਠਜੋੜ ਤੇ ਭਵਿੱਖ ਦਾ ਤਹਿ ਹੋਣਾ ਹਾਲੇ ਬਾਕੀ ਹੈ, ਪਰ ਰਾਜਨੀਤਿਕ ਮਹਰਾ ਦੀ ਮੰਨੀਏ, ਤਾਂ ਭਾਜਪਾ ਕਿਸੇ ਵੀ ਸੂਰਤ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰੇਗਾ।
ਕਿਸਾਨ ਅੰਦੋਲਨ ਦਾ ਚੋਣਾਂ 'ਤੇ ਪ੍ਰਭਾਵ: ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਵੀ ਸਿਆਸਤ 'ਤੇ ਇਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਸਿਆਸੀ ਮਾਹਿਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਭਾਜਪਾ ਦਾ ਕਦੇ ਗਠਜੋੜ ਨਹੀਂ ਹੋਵੇਗਾ। ਸਾਬਕਾ ਐਮਐਲਏ ਤਰਸੇਮ ਯੋਧਾ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਲੋਕ ਵੋਟ ਨਹੀਂ ਦੇਣਗੇ, ਕਿਉਂਕਿ ਪੰਜਾਬ ਵਿੱਚ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਉਲਟ ਹੀ ਜ਼ਿਆਦਾਤਰ ਵੋਟਿੰਗ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਤੋਂ ਹੀ ਕੇਂਦਰ ਤੋਂ ਉਲਟ ਸਰਕਾਰ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਅਸਰ ਵੀ ਲੋਕ ਸਭਾ ਚੋਣਾਂ 'ਤੇ ਪਵੇਗਾ। ਸਿਆਸੀ ਮਾਹਿਰਾਂ ਦੇ ਮੁਤਾਬਿਕ, ਹੁਣ ਰਾਜਨੀਤੀ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਿਆ ਜਾਂਦਾ ਹੈ ਜਿਸ ਕਰਕੇ ਅਸਲੀ ਮੁੱਦਿਆਂ ਤੋਂ ਲੋਕ ਭਟਕਦੇ ਜਾ ਰਹੇ ਹਨ।
ਕੀ ਬਣ ਰਹੇ ਸਿਆਸੀ ਸਮੀਕਰਨ:ਡਾਕਟਰ ਹਰਜਿੰਦਰ ਜੀਰਾ ਨੇ ਦੱਸਿਆ ਹੈ ਕਿ ਅਸਲੀ ਮੁੱਦਿਆਂ ਤੋਂ ਸਰਕਾਰਾਂ ਲਗਾਤਾਰ ਭਟਕ ਰਹੀਆਂ ਹਨ ਭਾਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਿਆਸੀ ਸਮੀਕਰਨ ਬਣਨ, ਪਰ ਇਸ ਦਾ ਨੁਕਸਾਨ ਆਮ ਲੋਕਾਂ ਤੋਂ ਹੀ ਭੁਗਤਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਰਾਹਤ ਨਹੀਂ ਹੈ, ਕਿਉਂਕਿ ਲਗਾਤਾਰ ਪੰਜਾਬ ਵਿੱਚ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਹਨ, ਉਨ੍ਹਾਂ ਤੋਂ ਪੰਜਾਬ ਦੇ ਲੋਕ ਮੂੰਹ ਮੋੜ ਚੁੱਕੇ ਹਨ।
ਹਰਜਿੰਦਰ ਜੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਸਾਲ ਦੇ ਕਾਰਜਕਾਲ ਨੂੰ ਵੀ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਹੈ, ਇੱਕ ਬਦਲ ਦੇ ਵਜੋਂ ਉਹ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਕੇ ਆਏ ਸਨ। ਪਰ, ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਵੀ ਮੂੰਹ ਮੋੜ ਲਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਵੱਲ ਵੀ ਬਹੁਤਾ ਜਿਆਦਾ ਲੋਕਾਂ ਦਾ ਰੁਖ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦੀ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲੇ। ਯੂਥ ਜਿਆਦਾਤਰ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਜਿਸ ਕਰਕੇ ਇਸ ਦਾ ਅਸਰ ਸਿਆਸਤ ਉੱਤੇ ਵੀ ਪੈ ਰਿਹਾ ਹੈ। ਡਾਕਟਰ ਹਰਿੰਦਰ ਜੀਰਾ ਨੇਤਾ ਇਥੋਂ ਤੱਕ ਕਹਿ ਦਿੱਤਾ ਹੈ ਕਿ ਜਿੰਨੇ ਵੀ ਸਿਆਸੀ ਗਠਜੋੜ ਹੋ ਰਹੇ ਹਨ, ਉਹ ਸਭ ਮੌਕਾ ਪ੍ਰਸਤੀ ਦੇ ਗਠਜੋੜ ਹਨ।