ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਦੂਜੇ ਬੱਚੇ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਵਿੱਚ ਹਨ। ਹਾਲ ਹੀ ਵਿੱਚ ਪਰਿਵਾਰਕ ਸੂਤਰਾਂ ਨੇ ਪੁਸ਼ਟੀ ਕੀਤੀ ਸੀ ਕਿ ਮੂਸੇਵਾਲਾ ਦੀ ਮਾਂ ਚਰਨ ਕੌਰ ਜਲਦੀ ਹੀ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਹ IVF ਤਕਨੀਕ ਰਾਹੀਂ ਹੀ ਸੰਭਵ ਹੋ ਸਕਿਆ ਹੈ ਅਤੇ ਇਸ ਸਾਲ ਮਾਰਚ ਵਿੱਚ ਬੱਚੇ ਦੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਹਾਲਾਂਕਿ ਮਰਹੂਮ ਗਾਇਕ ਦੇ ਮਾਪਿਆਂ ਨੇ ਅਜੇ ਤੱਕ ਬੱਚੇ ਨਾਲ ਸੰਬੰਧਤ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗਾਇਕ ਦੀ ਮਾਤਾ ਪਿਛਲੇ ਕੁਝ ਮਹੀਨਿਆਂ ਤੋਂ ਘਰੋਂ ਬਾਹਰ ਨਹੀਂ ਗਈ ਸੀ ਅਤੇ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ।
ਹੁਣ ਇਸ ਨਾਲ ਸੰਬੰਧਤ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਇਸ ਬਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਗਾਇਕ ਦੇ ਪਿਤਾ ਨੇ ਸ਼ੋਸਲ ਮੀਡੀਆ ਪਲੇਟਫਾਰਮ ਫੇਸਬੁੱਕ ਦਾ ਸਹਾਰਾ ਲਿਆ ਹੈ।
ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਹਾਲ ਹੀ ਵਿੱਚ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਉਂਟ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ, 'ਸਿੱਧੂ ਨੂੰ ਚਾਹੁੰਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ, ਜੋ ਸਾਡੇ ਪਰਿਵਾਰ ਪ੍ਰਤੀ ਫ਼ਿਕਰਮੰਦ ਹਨ। ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ, ਓਹਨਾਂ 'ਤੇ ਯਕੀਨ ਨਾ ਕੀਤਾ ਜਾਵੇ। ਜੋ ਵੀ ਖ਼ਬਰ ਹੋਵੇਗੀ, ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ।'
ਉਲੇਖਯੋਗ ਹੈ ਕਿ ਬੱਚੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਇਸ ਸਮੇਂ ਚੱਲ ਰਹੀਆਂ ਹਨ, ਕਿਹਾ ਜਾ ਰਿਹਾ ਹੈ ਕਿ ਗਾਇਕ ਦੀ ਮਾਤਾ ਦੇ ਜੁੜਵੇਂ ਬੱਚੇ ਹਨ, ਇਸ ਤੋਂ ਇਲਾਵਾ ਉਹਨਾਂ ਦੇ ਹਸਪਤਾਲ ਵਿੱਚ ਵੀ ਜਾਣ ਬਾਰੇ ਗੱਲ ਕਹੀ ਜਾ ਰਹੀ ਹੈ। ਫਿਲਹਾਲ ਪਰਿਵਾਰ ਨੇ ਇਸ ਨਾਲ ਸੰਬੰਧਤ ਚੁੱਪੀ ਧਾਰੀ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਰਿਪੋਰਟਾਂ ਮੁਤਾਬਕ ਗਾਇਕ ਦੀ ਮਾਂ ਦੀ ਉਮਰ 58 ਸਾਲ ਅਤੇ ਪਿਤਾ ਦੀ ਉਮਰ 60 ਸਾਲ ਹੈ। ਮਾਨਸਾ ਤੋਂ 2022 ਵਿੱਚ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜ ਰਹੇ ਮੂਸੇਵਾਲਾ ਦਾ ਉਸੇ ਸਾਲ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਨੇ ਉਸ ਦੀ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸਦੀ ਮੌਤ ਤੋਂ ਬਾਅਦ ਗਾਇਕ ਬਹੁਤ ਸਾਰੇ ਗੀਤ ਰਿਲੀਜ਼ ਹੋਏ ਹਨ ਅਤੇ ਉਹਨਾਂ ਨੂੰ ਕਾਫੀ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ।