ਲੁਧਿਆਣਾ: ਪੰਜਾਬ ਦੇ ਪ੍ਰਸਿੱਧ ਸ਼ਾਇਰ ਅਤੇ ਸਾਹਿਤਕਾਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਪੁੱਜ ਗਈ ਹੈ। ਸੀ.ਐਮ. ਭਗਵੰਤ ਮਾਨ ਵੀ ਉਥੇ ਪਹੁੰਚੇ ਅਤੇ ਅਰਥੀ ਨੂੰ ਮੋਢਾ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ ਪਾਤਰ ਸਾਬ੍ਹ:ਭਗਵੰਤ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਵਰਗੇ ਕਦੇ ਕਦੇ ਹੀ ਇਸ ਦੁਨੀਆਂ ਦੇ ਵਿੱਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜੋ ਪੰਜਾਬੀ ਸਾਹਿਤ ਅਤੇ ਕਲਾ ਨੂੰ ਦੇਣ ਹੈ, ਉਹ ਕਦੇ ਭੁਲਾਈ ਨਹੀਂ ਜਾ ਸਕਦੀ ਅਤੇ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਤਰ ਦੀ ਯਾਦ ਦੇ ਵਿੱਚ ਜੋ ਕੁਝ ਵੀ ਮਰਜ਼ੀ ਬਣਾ ਲਿਆ ਜਾਵੇ ਉਹ ਪੰਜਾਬ ਦੀ ਸੇਵਾ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਪਾਤਰ ਐਵਾਰਡ ਸ਼ੁਰੂ ਕੀਤੇ ਜਾਣਗੇ, ਜਿਵੇਂ ਅਰਜੁਨ ਐਵਾਰਡ ਹੈ, ਪਦਮਸ਼੍ਰੀ ਐਵਾਰਡ ਹੈ, ਉਸੇ ਤਰ੍ਹਾਂ ਪਾਤਰ ਐਵਾਰਡ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਪਰਿਵਾਰ ਦੇ ਨਾਲ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਉਹਨਾਂ ਦੀਆਂ ਕਵਿਤਾਵਾਂ ਹਰ ਜਗ੍ਹਾ ਉੱਤੇ ਬੋਲਿਆ ਕਰਦੇ ਸੀ, ਉਨ੍ਹਾਂ ਦੀ ਕਵਿਤਾਵਾਂ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੈ।
ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਜ਼ਰੂਰੀ: ਇਸ ਦੌਰਾਨ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਸੁਰਜੀਤ ਪਾਤਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਕਲਾ ਜਗਤ ਸੋਗ ਦੀ ਲਹਿਰ ਦੇ ਵਿੱਚ ਹੈ। ਪੂਰਾ ਸਾਹਿਤ ਸੋਗ ਦੀ ਲਹਿਰ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਲਈ ਕਈ ਐਵਾਰਡ ਤੇ ਕਈ ਸਨਮਾਨ ਬਾਕੀ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਜਾਣਦਾ ਸੀ ਉਹ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ, ਜੋ ਉਨ੍ਹਾਂ ਨੂੰ ਨਹੀਂ ਵੀ ਜਾਣਦਾ ਸੀ, ਉਹ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਫਿਲਮ ਜਗਤ, ਸਾਹਿਤ ਜਗਤ, ਕਲਾ ਜਗਤ ਅਤੇ ਸਿਆਸੀ ਜਗਤ ਦੇ ਨਾਲ ਧਾਰਮਿਕ ਅਤੇ ਸਮਾਜਿਕ ਆਗੂ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਕੌਣ ਹੈ, ਇਸ ਬਾਰੇ ਬੱਚਿਆਂ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।