ਪਰਿਵਾਰ ਨੇ ਜਾਅਲੀ ਪੁਲਿਸ ਮੁਕਾਬਲਾ ਕਰਨ ਦੇ ਲਾਏ ਦੋਸ਼ ਬਰਨਾਲਾ: ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਜ਼ੱਦੀ ਪਿੰਡ ਧਨੌਲਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਸ ਦੀ ਧੀ ਨੇ ਚਿਖਾ ਨੂੰ ਅਗਨ ਭੇਟ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਮੌਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਪਰਿਵਾਰ ਦੇ ਪੁਲਿਸ ਅਤੇ ਸਰਕਾਰ 'ਤੇ ਇਲਜ਼ਾਮ:ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਲਾ ਧਨੌਲਾ ਦੇ ਪਰਿਵਾਰ ਨੇ ਸਰਕਾਰ ਅਤੇ ਪੁਲਿਸ ਉਪਰ ਝੂਠਾ ਮੁਕਾਬਲਾ ਬਨਾਉਣ ਦੇ ਦੋਸ਼ ਲਗਾਏ ਹਨ। ਕਾਲਾ ਧਨੌਲਾ ਦੀ ਪਤਨੀ ਨੇ ਸਰਕਾਰ ਅਤੇ ਪੁਲਿਸ 'ਤੇ ਝੂਠਾ ਮੁਕਾਬਲਾ ਕਰਨ ਦੇ ਦੋਸ਼ ਲਾਏ ਹਨ। ਇਸ ਐਨਕਾਊਂਟਰ ਪਿੱਛੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੱਥ ਦੱਸਿਆ ਅਤੇ ਕਿਹਾ ਕਿ ਇਨਸਾਫ਼ ਲਈ ਹਾਈਕੋਰਟ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਹਾਜ਼ਰ ਨੌਜਵਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਰਾਜਾ ਵੜਿੰਗ 'ਤੇ ਵੀ ਲਾਏ ਇਲਜ਼ਾਮ: ਕਾਲਾ ਧਨੌਲਾ ਦੀ ਪਤਨੀ ਸੁਖਵਿੰਦਰ ਕੌਰ ਨੇ ਕਿਹਾ ਕਿ ਕਾਲਾ ਧਨੌਲਾ ਉਪਰ ਕੇਵਲ 307 ਦਾ ਪਰਚਾ ਸੀ ਅਤੇ ਉਹ ਕੋਈ ਭਗੌੜਾ ਵੀ ਨਹੀਂ ਸੀ ਪਰ ਇਸਦੇ ਬਾਵਜੂਦ ਪੁਲਿਸ ਨੇ ਉਸਦਾ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ। ਉਹਨਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਾਲਾ ਹੁਣ ਪੁਰਾਣੀ ਦੁਨੀਆਂ ਛੱਡ ਕੇ ਸਹੀ ਰਸਤੇ 'ਤੇ ਆ ਗਿਆ ਸੀ। ਪਿਛਲੇ ਦਿਨੀਂ ਹੋਏ ਝਗੜੇ ਸਬੰਧੀ ਵੀ ਉਹਨਾਂ ਦੇ ਸਮਝੌਤੇ ਦੀ ਗੱਲ ਚੱਲ ਰਹੀ ਸੀ। ਉਹਨਾਂ ਕਿਹਾ ਕਿ ਕਾਲਾ ਧਨੌਲਾ ਵਲੋਂ ਅੱਜ ਕੱਲ੍ਹ ਖੂਨਦਾਨ ਕੈਂਪ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਵਰਗੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਸਨ।
ਪੁਲਿਸ ਨੇ ਕੀਤਾ ਝੂਠਾ ਪੁਲਿਸ ਮੁਕਾਬਲਾ:ਇਸ ਪੂਰੇ ਮਾਮਲੇ 'ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਲਾ ਧਨੌਲਾ ਨੂੰ ਝੂਠੇ ਮੁਕਾਬਲੇ 'ਚ ਮਾਰਿਆ ਗਿਆ ਹੈ, ਜਿਸਦੇ ਪਿੱਛੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਪੁਲਿਸ 'ਤੇ ਦਬਾਅ ਪਾ ਕੇ ਐਨਕਾਉਂਟਰ ਕਰਵਾ ਦਿੱਤਾ ਹੈ ਅਤੇ ਪੁਲਿਸ ਇਹ ਵੀ ਝੂਠ ਬੋਲ ਰਹੀ ਹੈ ਕਿ ਇਸ ਮੁਕਾਬਲੇ 'ਚ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਫੜਨ ਦੀ ਗੱਲ ਆਖੀ ਹੈ ਪਰ ਪੁਲਿਸ ਨੇ ਅਜੇ ਤੱਕ ਉਕਤ ਮੁਲਾਜ਼ਮਾਂ ਨੂੰ ਕਿਧਰੇ ਵੀ ਪੇਸ਼ ਨਹੀਂ ਕੀਤਾ, ਇਹ ਸਰਾਸਰ ਝੂਠ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਗੋਲੀਆਂ ਚਲਾਈਆਂ ਹਨ।