ਅਦਾਲਤ 'ਚ ਪੇਸ਼ ਹੋਏ ਬਿਕਰਮ ਮਜੀਠੀਆ ਅੰਮ੍ਰਿਤਸਰ:ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼ ਹਨ ਤਾਂ ਦੂਜੇ ਪਾਸੇ ਬਿਕਰਮ ਮਜੀਠੀਆ ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਹੋਏ ਹਨ। ਦਰਅਸਲ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਮਾਣਯੋਗ ਅਦਾਲਤ ਦੇ ਵਿੱਚ ਮਾਣਹਾਨੀ ਦਾ ਕੇਸ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਉੱਪਰ ਕੀਤਾ ਗਿਆ ਸੀ। ਜਿਸ ਵਿੱਚ ਕਿ ਅਰਵਿੰਦ ਕੇਜਰੀਵਾਲ ਵੱਲੋਂ ਬੇਸ਼ੱਕ ਮੁਆਫੀ ਮੰਗ ਲਈ ਗਈ ਪਰ ਸੰਜੇ ਸਿੰਘ ਹਾਲੇ ਵੀ ਇਸ ਕੇਸ ਨੂੰ ਲੈ ਕੇ ਮਾਣਯੋਗ ਅਦਾਲਤ ਦੇ ਵਿੱਚ ਤਰੀਕ ਭੁਗਤਣ ਲਈ ਪਹੁੰਚਦੇ ਹਨ।
ਮੈਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰਦੇ ਪਰ ਖੁਦ ਗਏ ਜੇਲ੍ਹ: ਉਸ ਮਾਮਲੇ ਵਿੱਚ ਅੱਜ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਵਿੱਚ ਤਰੀਕ ਭੁਗਤਨ ਲਈ ਪਹੁੰਚੇ। ਜਿਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਉਹ ਅੰਮ੍ਰਿਤਸਰ ਦੀ ਅਦਾਲਤ ਵਿੱਚ ਪਹੁੰਚੇ ਹਨ, ਪਰ ਦੂਸਰੀ ਧਿਰ ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਹੈ, ਉਹ ਅੱਜ ਤਰੀਕ ਭੁਗਤਣ ਨਹੀਂ ਪਹੁੰਚੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਹ ਲੀਡਰ ਮੈਨੂੰ ਜੇਲ੍ਹ ਚ ਭੇਜਣ ਦੀਆਂ ਗੱਲਾਂ ਕਰਦੇ ਸਨ ਪਰ ਅੱਜ ਉਹ ਲੀਡਰ ਮੇਰੇ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਰਹਿ ਰਹੇ ਹਨ।
ਭਾਜਪਾ ਨਾਲ ਨਹੀਂ ਹੋ ਸਕਦਾ ਅਕਾਲੀ ਦਲ ਦਾ ਗਠਜੋੜ: ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਇਸ ਲਈ ਗੱਠਜੋੜ ਨਹੀਂ ਹੋ ਸਕਿਆ ਕਿਉਂਕਿ ਜਿਨਾਂ ਮੰਗਾਂ ਨੂੰ ਲੈ ਕੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਮੰਗਾਂ ਦੇ ਉੱਤੇ ਭਾਜਪਾ ਦੇ ਨਾਲ ਸਾਡੀ ਸਹਿਮਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਡੇਰਾ ਮੁਖੀ ਨੂੰ ਪੈਰੋਲ 'ਤੇ ਪੈਰੋਲ ਮਿਲ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਨੂੰ ਪੈਰੋਲਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਇੱਕ ਪਾਸੇ ਰੇਪ ਕਰਨ ਅਤੇ ਕਤਲ ਕਰਨ ਵਾਲਿਆਂ ਨੂੰ ਪੈਰੋਲਾਂ ਮਿਲ ਰਹੀਆਂ ਪਰ ਦੂਜੇ ਪਾਸੇ ਕਈ-ਕਈ ਸਾਲਾਂ ਤੋਂ ਸਿੰਘ ਜੇਲ੍ਹ 'ਚ ਬੰਦ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਵਿਦੇਸ਼ਾਂ ਨਾਲ ਵਪਾਰ ਅਡਾਨੀ ਪੋਰਟ ਤੋਂ ਹੋ ਸਕਦਾ ਤਾਂ ਵਾਹਗਾ ਬਾਰਡਰ ਰਾਹੀ ਕਿਉਂ ਇਹ ਵਪਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਤਮਾਮ ਗੱਲਾਂ ਨੂੰ ਲੈਕੇ ਉਨ੍ਹਾਂ ਭਾਜਪਾ ਨਾਲ ਗਠਜੋੜ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਪੰਜਾਬ ਨਾਲ ਹਮੇਸ਼ਾ ਹੀ ਦੋਹਰਾ ਮਾਪਦੰਡ ਵਰਤਿਆ ਹੈ।
ਲੋਕ ਸਭਾ ਚੋਣਾਂ ਤੋਂ ਬਾਅਦ ਬਦਲੇਗਾ ਮੁੱਖ ਮੰਤਰੀ:ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਤੇ ਅਸੀਂ ਡਟ ਕੇ ਉਨ੍ਹਾਂ ਦੇ ਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਜੇਲ੍ਹ ਜਾਣ ਨਾਲ ਹੋਰ ਨੂੰ ਤਾਂ ਦੁਖ ਹੋ ਸਕਦਾ ਹੈ ਪਰ ਭਗਵੰਤ ਮਾਨ ਦੇ ਦਿਲ 'ਚ ਲੱਡੂ ਫੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਿਮੋਰਟ ਵਾਂਗ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਭਗਵੰਤ ਮਾਨ ਆਪਣੇ ਪਰਿਵਾਰ ਦਾ ਨਹੀਂ ਹੋ ਸਕਿਆ ਤਾਂ ਉਹ ਪੰਜਾਬ ਦਾ ਕਿਵੇਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਵੇਗਾ। ਭਗਵੰਤ ਮਾਨ ਤਾਂ ਹੀ ਬੱਚੇਗਾ ਜੇ ਉਹ ਭਾਜਪਾ ਦਾ ਉਮੀਦਵਾਰ ਬਣ ਕੇ ਮੁੱਖ ਮੰਤਰੀ ਬਣੇਗਾ ਪਰ ਬਹੁਮਤ ਹੋਣ ਕਾਰਨ ਜੇ ਆਮ ਆਦਮੀ ਪਾਰਟੀ ਅਗਲਾ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਕੁਲਤਾਰ ਸਿੰਘ ਸੰਧਵਾਂ ਅਗਲੇ ਮੁੱਖ ਮੰਤਰੀ ਹੋਣਗੇ।