ਚੰਡੀਗੜ੍ਹ:ਪੰਜਾਬ ਦੇ ਚਾਰ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ 'ਚ ਅੱਜ ਇਤਿਹਾਸ ਰਚੇ ਗਏ। ਕਈ ਅਹਿਮ ਚਿਹਰਿਆਂ ਨੂੰ ਪੰਜਾਬ ਦੀ ਜਨਤਾ ਨੇ ਅਣਗੋਲਿਆਂ ਕੀਤਾ ਅਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਇਹਨਾਂ ਵਿੱਚ ਅਹਿਮ ਸੀਟ ਸੀ ਹੁਸ਼ਿਆਰਪੁਰ ਹਲਕੇ ਦੇ ਚੱਬੇਵਾਲ ਦੀ ਸੀਟ। ਜਿਥੇ ਪੰਜਾਬ ਸਰਕਾਰ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਅਤੇ ਕੁਰਸੀ ਹਾਸਿਲ ਕਰ ਲਈ। ਡਾ.ਇਸ਼ਾਂਕ ਨੂੰ 51753 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਰਣਜੀਤ ਨੂੰ 23171 ਅਤੇ ਭਾਜਪਾ ਉਮੀਦਵਾਰ ਸੋਹਨ ਨੂੰ 8667 ਵੋਟਾਂ ਮਿਲੀਆਂ।
ਵੱਡੇ ਮਾਰਜਨ ਨਾਲ ਹਾਸਿਲ ਕੀਤੀ ਜਿੱਤ
ਜ਼ਿਕਰਯੋਗ ਹੈ ਕਿ ਇਸ਼ਾਂਕ ਚੱਬੇਵਾਲ ਨੇ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਇਕਤਰਫਾ ਜਿੱਤ ਹਾਸਿਲ ਕੀਤੀ ਹੈ। ਇਸ ਜਿੱਤ ਤੋਂ ਬਾਅਦ ਜਿਥੇ ਸਮਰਥਕਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾਏ ਉਥੇ ਹੀ ਪਿਤਾ ਨੇ ਇਸ਼ਾਂਕ ਨੂੰ ਨਸੀਹਤ ਵੀ ਦਿੱਤੀ। ਪਿਤਾ ਰਾਜ ਕੁਮਾਰ ਨੇ ਕਿਹਾ ਕਿ ਉਹ ਇਸ ਮਾਨ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ। ਨਾਲ ਹੀ ਚੱਬੇਵਾਲ ਨੇ ਆਪਣੇ ਪੁੱਤਰ ਇਸ਼ਾਂਕ ਨੂੰ ਵੀ ਨਸੀਹਤ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਤਾਂ ਰਾਜ ਕੁਮਾਰ ਦੇ ਨਾਮ 'ਤੇ ਜਿੱਤ ਮਿਲੀ ਹੈ ਪਰ ਅਗਲੀ ਵਾਰ ਉਹਨਾਂ ਨੂੰ ਆਪਣੀ ਮਿਹਨਤ ਅਤੇ ਆਪਣੇ ਨਾਮ 'ਤੇ ਹੀ ਇਹ ਜਿੱਤ ਹਾਸਿਲ ਕਰਨੀ ਹੋਵੇਗੀ।
ਪਹਿਲੀ ਵਾਰ ਚੋਣ ਲੜੀ ਚੋਣ
ਪੇਸ਼ੇ ਵੱਜੋਂ ਡਾਕਟਰੀ ਕਰ ਰਹੇ ਇਸ਼ਾਂਕ ਚੱਬੇਵਾਲ ਦਾ ਇਹ ਪਹਿਲਾ ਸਿਆਸੀ ਮੈਦਾਨ ਸੀ, ਉਹਨਾਂ ਨੇ ਜ਼ਿਮਨੀ ਚੋਣ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਉਹਨਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਸਿਆਸਤ ਵਿੱਚ ਹੈ ਪਰ ਇਸ਼ਾਂਕ ਲਈ ਇਹ ਚੋਣ ਉਹਨਾਂ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਚੰਗੀ ਇਤਿਹਾਸਿਕ ਸਾਬਿਤ ਹੋਈ।
ਡਾਕਟਰ ਇਸ਼ਾਂਕ ਦੀ ਜ਼ਿੰਦਗੀ 'ਤੇ ਇੱਕ ਝਾਤ
ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਵਿਧਾਇਕ ਡਾ.ਇਸ਼ਾਂਕ ਕੁਮਾਰ ਪੰਜਾਬ ਦੀ ਸਿਆਸਤ ਦੇ ਸਭ ਤੋਂ ਨੌਜਵਾਨ ਵਿਧਾਇਕ ਵੱਜੋਂ ਉਭਰ ਕੇ ਸਾਹਮਣੇ ਆਉਣਗੇ ਕਿਉਂਕਿ ਉਹਨਾਂ ਦੀ ਉਮਰ ਮਹਿਜ਼ 31 ਸਾਲ ਹੈ ਅਤੇ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਵਿਧਾਇਕ ਹੋਣਗੇ। ਇਸ਼ਾਂਕ ਐਮਡੀ ਰੇਡੀਓਲੋਜੀ ਦੇ ਫਾਈਨਲ ਸਮੈਸਟਰ ਦਾ ਵਿਦਿਆਰਥੀ ਹਨ ਅਤੇ ਪਿਤਾ ਐਮਪੀ ਡਾ. ਰਾਜਕੁਮਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ, ਉਹਨਾਂ ਨੇ ਰੇਡੀਓਲੋਜੀ ਨੂੰ ਆਪਣਾ ਕਿੱਤਾ ਬਣਾਉਣ ਦੇ ਨਾਲ-ਨਾਲ ਸਿਆਸਤ ਵਿੱਚ ਵੀ ਕਦਮ ਰੱਖ ਲਿਆ ਹੈ।