ਗਰੀਬੀ ਨਾਲ ਲੜ ਰਿਹਾ ਕੀਰਤਨੀ ਗ੍ਰੰਥੀ ਸਿੰਘ ਅੰਮ੍ਰਿਤਸਰ:ਅੱਜ ਤੁਹਾਨੂੰ ਇੱਕ ਗੁਰਸਿੱਖ ਗ੍ਰੰਥੀ ਸਿੰਘ ਨਾਲ ਮਿਲਾਉਂਦੇ ਹਾਂ, ਜੋ ਲੋਕਾਂ ਦੇ ਘਰਾਂ ਵਿੱਚ ਕੀਰਤਨ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਚਾਹੁੰਦਾ ਸੀ ਪਰ ਇਕੱਲੇ ਕੀਰਤਨ ਕਰਨ ਦੇ ਨਾਲ ਉਸ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਉਹ ਆਪਣੇ ਘਰ ਖਰਚ ਪੂਰੇ ਕਰਨ ਲਈ ਆਟੋ ਰਿਕਸ਼ਾ ਚਲਾ ਰਿਹਾ ਹੈ। ਇਸ ਨੌਜਵਾਨ ਕੀਰਤਨੀ ਸਿੰਘ ਦਾ ਨਾਮ ਮਨਪ੍ਰੀਤ ਸਿੰਘ ਹੈ।
ਕੀਰਤਨ ਕਰਨ ਦੇ ਨਾਲ ਚਲਾਉਂਦਾ ਆਟੋ: ਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕੀਰਤਨ ਕਰਦਾ ਹੈ ਤੇ ਨਾਲ ਹੀ ਆਟੋ ਵੀ ਚਲਾਉਦਾ ਹੈ। ਉਨ੍ਹਾਂ ਦੱਸਿਆ ਕਿ ਕੀਰਤਨ ਦੇ ਪ੍ਰੋਗਰਾਮ ਇੰਨੇ ਨਹੀਂ ਮਿਲਦੇ ਸੀ, ਜਿਸ ਕਾਰਨ ਉਨ੍ਹਾਂ ਨੂੰ ਘਰ ਚਲਾਉਣ 'ਚ ਮੁਸ਼ਕਿਲਾਂ ਆ ਰਹੀਆਂ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ ਨਾਲ ਆਟੋ ਰਿਕਸ਼ਾ ਚਲਾਉਣਾ ਸਹੀ ਸਮਝਿਆ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਅਜਿਹੀ ਮਾਰ ਪਈ ਕਿ ਮੁੜ ਉਹ ਨਹੀਂ ਉਠ ਸਕੇ, ਜਿਸ ਦੇ ਚੱਲਦੇ ਘਰ ਖਰਚ ਪੂਰੇ ਕਰਨ ਲਈ ਉਹ ਕੀਰਤਨ ਕਰਨ ਦੇ ਨਾਲ-ਨਾਲ ਆਟੋ ਦਾ ਕੰਮ ਕਰਦੇ ਹਨ।
ਜ਼ਿੰਦਗੀ 'ਚ ਸੰਘਰਸ਼ ਕਰ ਰਹੇ ਕੀਰਤਨੀ ਸਿੰਘ:ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਿਹਨਤ ਕਰਨ 'ਚ ਕੋਈ ਸ਼ਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰੋਟੀ ਸੁੱਖ ਦੀ ਖਾਣੀ ਹੈ ਤਾਂ ਉਸ ਲਈ ਮਿਹਨਤ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਗ੍ਰੰਥੀ ਸਿੰਘਾਂ ਦਾ ਅਜਿਹਾ ਹਾਲ ਨਹੀਂ ਹੈ, ਕਿਉਂਕਿ ਕਈ ਕੀਰਤਨੀ ਗ੍ਰੰਥੀ ਸਿੰਘ ਵਧੀਆ ਕਮਾ ਰਹੇ ਹਨ ਅਤੇ ਉਨ੍ਹਾਂ ਨੂੰ ਕੀਰਤਨ ਤੋਂ ਇਲਾਵਾ ਹੋਰ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਨਾਲ ਹੀ ਕਿਹਾ ਕਿ ਕੁਝ ਗ੍ਰੰਥੀ ਸਿੰਘਾਂ ਨੂੰ ਛੱਡ ਕੇ ਬਾਕੀ ਆਪਣੀ ਜ਼ਿੰਦਗੀ 'ਚ ਸੰਘਰਸ਼ ਕਰ ਰਹੇ ਹਨ ਅਤੇ ਇਹ ਗੱਲਾਂ ਸਾਰੇ ਕੈਮਰੇ ਸਾਹਮਣੇ ਨਹੀਂ ਦੱਸਦੇ।
ਆਟੋ ਚਲਾਉਣਾ ਦਾ ਕੀਰਤਨੀ ਸਿੰਘ ਲਈ ਨਹੀਂ ਸਹੀ ਕਿੱਤਾ: ਉਥੇ ਹੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਟੋ ਚਲਾਉਣਾ ਕੋਈ ਜ਼ਿਆਦਾ ਵਧੀਆ ਕੰਮ ਤਾਂ ਨਹੀਂ ਹੈ ਪਰ ਘਰ ਦੀਆਂ ਮਜ਼ਬੂਰੀਆਂ ਕਾਰਨ ਉਨ੍ਹਾਂ ਨੂੰ ਇਹ ਸਭ ਕੁਝ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਸਵਾਰੀਆਂ ਦੀ ਬੋਲ ਬਾਣੀ ਠੀਕ ਨਹੀਂ ਹੁੰਦੀ ਤਾਂ ਕਈ ਲੜਨ ਤੱਕ ਵੀ ਜਾਂਦੇ ਹਨ ਪਰ ਮਜ਼ਬੂਰੀਆਂ ਦੇ ਚੱਲਦੇ ਅਜਿਹੇ ਮੌਕੇ ਚੁੱਪ ਰਹਿ ਕੇ ਲੰਘਾਉਣਾ ਪੈਂਦਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਉਨ੍ਹਾਂ ਦੇ ਜਥੇ ਦੇ ਕਈ ਸਿੰਘ ਵਿਦੇਸ਼ਾਂ ਦੇ ਟੂਰ ਤੱਕ ਕਰ ਚੁੱਕੇ ਹਨ ਪਰ ਉਹ ਸਿਰਫ਼ ਸਿੰਘਾਪੁਰ ਜਾਂ ਮਲੇਸ਼ੀਆ ਹੀ ਜਾ ਸਕੇ ਹਨ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੈਨੇਡਾ ਦੀ ਫਾਈਲ ਲੱਗੀ ਹੋਈ ਹੈ ਪਰ ਇਸ 'ਤੇ ਅੰਬੈਸੀ ਦਾ ਕੋਈ ਵੀ ਜਵਾਬ ਨਹੀਂ ਆਇਆ।
ਕੀਰਤਨੀ ਅਤੇ ਪ੍ਰਚਾਰਕਾਂ ਨੂੰ ਸਾਂਭਨ ਦੀ ਲੋੜ:ਇਸ ਦੇ ਨਾਲ ਹੀ ਕੀਰਤਨੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਲੋਕ ਕੀਰਤਨ ਦੇ ਕਿੱਤੇ 'ਚ ਪੈਸੇ ਲਈ ਆਉਂਦੇ ਹਨ ਤੇ ਜਦੋਂ ਉਨ੍ਹਾਂ ਨੂੰ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਤਾਂ ਉਹ ਇਸ ਕਿੱਤੇ ਨੂੰ ਛੱਡ ਕੇ ਕੋਈ ਹੋਰ ਕੰਮ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੀਰਤਨ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ, ਇਸ ਲਈ ਉਹ ਇਸ ਕਿੱਤੇ ਨੂੰ ਛੱਡਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਕੀਰਤਨ ਕਰਨ ਨਾਲ ਉਨ੍ਹਾਂ ਨੂੰ ਜਿਥੇ ਸਕੂਨ ਮਿਲਦਾ ਹੈ ਤਾਂ ਉਥੇ ਹੀ ਆਨੰਦ ਵੀ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਕੀਰਤਨੀ ਅਤੇ ਪ੍ਰਚਾਰਕਾਂ ਨੂੰ ਸਾਂਭਨ ਦੀ ਲੋੜ ਹੈ, ਨਹੀਂ ਅਜਿਹਾ ਸਮਾਂ ਆਏਗਾ ਕਿ ਕੋਈ ਕੀਰਤਨੀ ਜਾਂ ਪ੍ਰਚਾਰਕ ਨਹੀਂ ਬਣੇਗਾ।