ਬਠਿੰਡਾ:ਸਰਬੱਤ ਦਾ ਭਲਾ ਸਿਧਾਂਤ 'ਤੇ ਸੇਵਾ ਕਰਦੀ ਅੰਤਰਰਾਸ਼ਟਰੀ ਸਿੱਖ ਸੰਸਥਾ ਖਾਲਸਾ ਏਡ ਵੱਲੋਂ 1984 ਦੇ ਪੀੜਤ ਸ਼ਹੀਦ ਪਰਿਵਾਰਾਂ ਨੂੰ ਪੰਜਾਬ ਦੇ ਇਤਿਹਾਸਕ ਗੁਰੂ ਅਸਥਾਨਾਂ ਦੇ ਦਰਸ਼ਨ ਕਰਾਉਣ ਲਈ ਸ਼ੁਰੂ ਕੀਤੀ ਗਈ 5 ਦਿਨਾਂ ਯਾਤਰਾ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੀ। ਰਾਤ ਦੇ ਵਿਸ਼ਰਾਮ ਤੋ ਬਾਅਦ ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਮੁਕਤਸਰ ਸਾਹਿਬ ਲਈ ਇਹ ਯਾਤਰਾ ਰਵਾਨਾ ਹੋਈ।
1984 ਪੀੜਤ ਸ਼ਹੀਦ ਪਰਿਵਾਰਾਂ ਲਈ ਇਤਿਹਾਸਕ ਗੁਰੂਘਰਾਂ ਦੀ ਯਾਤਰਾ (ETV BHARAT) ਕਾਬਿਲੇਗੌਰ ਹੈ ਕਿ ਇਹ ਯਾਤਰਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਦਰਬਾਰ ਸਾਹਿਬ ਤਰਨ ਤਾਰਨ, ਖਡੂਰ ਸਾਹਿਬ , ਸ੍ਰੀ ਗੋਇੰਦਵਾਲ ਸਾਹਿਬ,ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੋਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੀ।
ਖਾਲਸਾ ਏਡ ਪੰਜਾਬ ਮੁਖੀ ਦਵਿੰਦਰਜੀਤ ਸਿੰਘ ਨੇ ਦੱਸਿਆ ਕੇ ਖਾਲਸਾ ਏਡ ਵੱਲੋਂ ਸਾਲ 1984 ਵਿਚ ਸ਼ਹੀਦ ਹੋਏ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇਣ ਸਣੇ ਮੈਡੀਕਲ ਫੀਸ, ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਦੇ ਖਰਚ ਅਤੇ ਘਰਾਂ ਦੀ ਮੁਰੰਮਤ/ਮੁੜ ਨਿਰਮਾਣ ਜਿਹੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਇਸੇ ਤਹਿਤ ਇਹ 5 ਦਿਨਾਂ ਯਾਤਰਾ 25 ਨਵੰਬਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਦਿਆਂ ਅਖੀਰ 29 ਨਵੰਬਰ ਨੂੰ ਮੁੜ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੀ।
ਉੱਧਰ ਦੂਜੇ ਪਾਸੇ ਯਾਤਰਾ ਦੌਰਾਨ ਆਏ 1984 ਦੇ ਪੀੜਤਾਂ ਨੇ ਜਿੱਥੇ ਖਾਲਸਾ ਏਡ ਦੇ ਇਸ ਉਪਰਾਲੇ ਲਈ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ। ਉੱਥੇ ਹੀ 1984 ਦੇ ਸਮੇਂ ਨੂੰ ਯਾਦ ਕਰਦੇ ਹੋਏ ਭਰੇ ਮਨ ਨਾਲ ਉਸ ਸਮੇਂ ਦੇ ਮਾੜੇ ਦੌਰ ਸਮੇਂ ਵਾਪਰੇ ਦੁਖਾਂਤ ਨੂੰ ਵੀ ਬਿਆਨ ਕੀਤਾ ਅਤੇ ਆਪਣੇ ਨਾਲ ਹੋਏ ਧੱਕੇ ਬਾਰੇ ਦੱਸਿਆ।