ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (ETV Bharat Taran Taran) ਤਰਨ ਤਾਰਨ/ਬਰਨਾਲਾ: ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਹੈ। ਦਰਅਸਲ, ਪਰਿਵਾਰ ਦੀ ਤਰਫੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਵਿੱਚ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਲਈ ਪੈਰੋਲ ਲਈ ਅਰਜ਼ੀ ਅੰਮ੍ਰਿਤਸਰ ਦੇ ਡੀ.ਸੀ. ਜਿਸ ਤੋਂ ਬਾਅਦ ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ, ਜਿਸ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ ਸੀ।
ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਤੋਂ ਦਰਖਾਸਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਪੀਕਰ ਤੋਂ ਕੱਲ੍ਹ ਹੀ ਸਮਾਂ ਮੰਗਿਆ ਹੈ।
ਸਹੁੰ 60 ਦਿਨਾਂ ਦੇ ਅੰਦਰ ਲੈਣੀ ਹੋਵੇਗੀ:ਖਾਲਸਾ ਨੇ ਕਿਹਾ ਕਿ ਚੁਣੇ ਗਏ ਮੈਂਬਰ ਕੋਲ ਸਹੁੰ ਚੁੱਕਣ ਲਈ 60 ਦਿਨ ਹੁੰਦੇ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ, ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜ਼ੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਲੋਕ ਸਭਾ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਨਾਂ ਅਤੇ ਸੰਸਦ ਮੈਂਬਰ ਵਜੋਂ ਨਿਯੁਕਤੀ ਸਬੰਧੀ ਦਿੱਤੇ ਹੁਕਮਾਂ ਮਗਰੋਂ ਉਸ ਨੂੰ ਨਿਰਧਾਰਤ ਸਮੇਂ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅੰਮ੍ਰਿਤਪਾਲ ਨੂੰ ਇੱਕ ਹਫ਼ਤੇ ਵਿੱਚ ਸਹੁੰ ਚੁਕਾਈ ਜਾ ਸਕਦੀ ਹੈ।
NSA ਨੂੰ 2025 ਤੱਕ ਵਧਾ ਦਿੱਤਾ ਗਿਆ ਹੈ:ਰਾਜਦੇਵ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਐਨ.ਐਸ.ਏ. ਦੀ ਮਿਆਦ ਇੱਕ ਸਾਲ ਲਈ 23 ਅਪ੍ਰੈਲ 2025 ਤੱਕ ਵਧਾ ਦਿੱਤੀ ਗਈ ਹੈ। ਜਨਤਾ ਨੇ ਅੰਮ੍ਰਿਤਪਾਲ ਨੂੰ ਇੰਨੀ ਵੱਡੀ ਲੀਡ ਨਾਲ ਜਿਤਾਇਆ ਹੈ। ਅਜਿਹੇ 'ਚ ਸਰਕਾਰ ਦਾ ਇਹ ਫੈਸਲਾ ਲੋਕਾਂ ਦੇ ਖਿਲਾਫ ਹੈ।
ਅੰਮ੍ਰਿਤਪਾਲ ਖਡੂਰ ਸਾਹਿਬ ਸੀਟ ਤੋਂ ਚੋਣ ਜਿੱਤੇ:ਅੰਮ੍ਰਿਤਸਰ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਜੱਲੂਪੁਰ ਖੇੜਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦਿਓ ਸੰਸਥਾ ਦੇ ਮੁਖੀ ਹਨ। ਉਹ ਖਡੂਰ ਸਾਹਿਬ ਸੀਟ ਤੋਂ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਸਨ। ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ 23 ਫਰਵਰੀ 2023 ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਦਾਖਲ ਹੋਈ।
ਇਸ ਤੋਂ ਬਾਅਦ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। 18 ਮਾਰਚ ਨੂੰ ਅੰਮ੍ਰਿਤਪਾਲ ਘਰੋਂ ਭੱਜ ਗਿਆ ਸੀ। ਪੁਲਿਸ ਨੇ ਜਾਂਚ ਏਜੰਸੀਆਂ ਨਾਲ ਮਿਲ ਕੇ ਇੱਕ ਮਹੀਨੇ ਤੱਕ ਉਸ ਦੀ ਭਾਲ ਕੀਤੀ। 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ।
ਉਦੋਂ ਤੋਂ ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਨ ਦੇ ਦੋਸ਼ 'ਚ ਉਸ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਲਗਾਇਆ ਗਿਆ ਹੈ। ਅੰਮ੍ਰਿਤਪਾਲ ਨੂੰ ਚੋਣ ਪ੍ਰਚਾਰ ਕਰਨ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲੀ, ਫਿਰ ਵੀ ਉਸ ਨੂੰ 4 ਲੱਖ ਤੋਂ ਵੱਧ ਵੋਟਾਂ ਮਿਲੀਆਂ।
ਕੀ ਕਹਿੰਦੇ ਹਨ ਅੰਮ੍ਰਿਤਸਰ ਸਿੰਘ ਦੇ ਵਕੀਲ ਰਾਜਦੇਵ ਖਾਲਸਾ:ਇਸ ਮੌਕੇ ਗੱਲਬਾਤ ਕਰਦਿਆਂ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਜੇਲ੍ਹ ਵਿੱਚੋਂ ਹੀ ਬਤੌਰ ਮੈਂਬਰ ਪਾਰਲੀਮੈਂਟ ਸਹੁੰ ਚੁੱਕਣ ਲਈ ਇੱਕ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਨੂੰ ਲਿਖਿਆ ਸੀ। ਇਹ ਪੱਤਰ ਉਹਨਾਂ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਦਿੱਤਾ। ਜਿਹਨਾਂ ਵਲੋਂ ਇਹ ਪੱਤਰ ਡੀਸੀ ਅੰਮ੍ਰਿਤਸਰ ਭੇਜੀ ਗਈ। ਡੀਸੀ ਅੰਮ੍ਰਿਤਸਰ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਇਹ ਪੱਤਰ ਹੋਮ ਸੈਕਟਰੀ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਉਥੇ ਹੋਮ ਸੈਕਟਰੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਅੰਮ੍ਰਿਤਪਾਲ ਸਿੰਘ ਦਾ ਪੱਤਰ ਅੱਗੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਅੱਗੇ ਲੋਕ ਸਭਾ ਦੇ ਸਪੀਕਰ ਵਲੋਂ ਫ਼ੈਸਲਾ ਲਿਆ ਜਾਵੇਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸ ਦਿਨ ਸਹੁੰ ਚੁਕਾਈ ਜਾਵੇਗੀ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਅਤੇ ਸੰਵਿਧਾਨ ਅਨੁਸਾਰ ਉਹਨਾਂ ਐਮਪੀ ਨੇ ਸਹੁੰ ਚੁੱਕਣੀ ਹੁੰਦੀ ਹੈ ਅਤੇ ਉਹ ਸਹੁੰ ਚੁੱਕਣ ਲਈ ਤਿਆਰ ਹਨ। ਜਿਸ ਲਈ ਉਹਨਾਂ ਲਈ ਸਹੁੰ ਚੁੱਕਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਦਿੱਲੀ ਵਿਖੇ ਲੋਕ ਸਭਾ ਹਾਊਸ ਵਿੱਚ ਭੇਜਿਆ ਜਾਵੇ ਅਤੇ ਉਹ ਬਤੌਰ ਐਮਪੀ ਸਹੁੰ ਚੁੱਕ ਸਕਣ।
ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਸਹੁੰ ਚੁੱਕਣ ਦੀ ਪ੍ਰਕਿਰਿਆ ਸੰਵਿਧਾਨ ਅਨੁਸਾਰ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਵਿੱਚ ਸਪੀਕਰ ਵਲੋਂ ਹੀ ਹੁੰਦੀ ਹੈ ਅਤੇ ਕਿਸੇ ਵੀ ਵੀਡੀਓ ਕਾਨਫ਼ਰੰਸ ਰਾਹੀਂ ਇਸ ਤਰ੍ਹਾਂ ਦੀ ਪ੍ਰਕਿਰਿਆ ਨਹੀਂ ਹੁੰਦੀ। ਸਹੁੰ ਚੁੱਕਣ ਦੀ ਜਗ੍ਹਾ ਲੋਕ ਸਭਾ ਹਾਊਸ ਹੀ ਹੋਵੇਗਾ ਅਤੇ ਅਧਿਕਾਰੀ ਦੇ ਤੌਰ ਤੇ ਲੋਕ ਸਭਾ ਦੇ ਸਪੀਕਰ ਕੋਲ ਹੀ ਇਹ ਪਾਵਰ ਹੈ। ਉਹਨਾਂ ਕਿਹਾ ਕਿ ਚੋਣ ਜਿੱਤਣ ਦੇ 60 ਦਿਨਾਂ ਦੇ ਅੰਦਰ ਸਹੁੰ ਚੁਕਾਉਣੀ ਲਾਜ਼ਮੀ ਹੈ। ਜਿਸ ਲਈ ਸਪੀਕਰ ਇਸਨੂੰ ਟਾਲ ਨਹੀਂ ਸਕਦਾ। ਉਹਨਾਂ ਕਿਹਾ ਕਿ ਸਪੀਕਰ ਵਲੋਂ ਇਹ ਮਸਲਾ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨਾਲ ਵਿਚਾਰਿਆ ਜਾਵੇਗਾ, ਜਿਸਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹੀ ਸਹੁੰ ਚੁੱਕਣ ਦੀ ਤਾਰਖ਼ੀ ਤਹਿ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਮੌਕੇ ਲੋਕਾਂ ਦਾ ਇਕੱਠ ਨਾ ਹੋਵੇ, ਇਸ ਲਈ ਇਹ ਹੋ ਸਕਦਾ ਹੈ ਕਿ ਸਹੁੰ ਚੁੱਕ ਸਮਾਗਮ ਦੀ ਤਾਰੀਖ਼ ਗੁਪਤ ਰੱਖੀ ਜਾਵੇ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਪੱਕੀ ਜ਼ਮਾਨਤ ਦਿੱਤੀ ਜਾਵੇ ਅਤੇ ਉਹ ਖ਼ੁਦ ਆ ਕੇ ਸਹੁੰ ਚੁੱਕਣ। ਦੋਵੇਂ ਸਰਕਾਰਾਂ ਲੋਕਾਂ ਦੇ ਜਨਤਕ ਫ਼ਤਵੇ ਨੂੰ ਕਬੂਲ ਕਰਕੇ ਉਹਨਾਂ ਨੂੰ ਪੱਕੀ ਰਿਹਾਈ ਦੇਣ। ਜੇਕਰ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਤਾਂ ਇਹ ਲੋਕਤੰਤਰ ਦਾ ਕਤਲ ਕਰਨ ਬਰਾਬਰ ਹੈ। ਉਹਨਾਂ ਮੰਗ ਕੀਤੀ ਕਿ ਹੋਰਨਾਂ ਮੈਂਬਰ ਪਾਰਲੀਮੈਂਟਾਂ ਵਾਂਗ ਭਾਈ ਅੰਮ੍ਰਿਤਪਾਲ ਸਿੰਘ ਦੀ ਸਹੁੰ ਚੁੱਕ ਸਮਾਗਮ ਦੀ ਬਾਕਾਇਦਾ ਵੀਡੀਓ ਬਣਾ ਕੇ ਜਨਤਕ ਕੀਤੀ ਜਾਵੇ। ਜੇਕਰ ਇਹ ਸਹੁੰ ਚੁੱਕ ਸਮਾਗਮ ਪੂਰੀ ਤਰ੍ਹਾਂ ਨਾਲ ਗੁਪਤ ਰਹਿੰਦਾ ਹੈ ਤਾਂ ਇਹ ਵੀ ਲੋਕਤੰਤਰ ਦਾ ਕਤਲ ਕਰਨ ਦੇ ਬਰਾਬਰ ਹੋਵੇਗਾ।
ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਪ੍ਰਗਟਾਈ ਅਗਿਆਨਤਾ:ਇਸ ਸੰਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਨਾਲ ਫੋਨ ਉੱਤੇ ਰਾਬਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੱਲ ਬੁੱਧਵਾਰ ਜਾਂ ਫਿਰ ਪਰਸੋਂ ਵੀਰਵਾਰ ਤੱਕ ਉਹ ਦਿੱਲੀ ਜਾ ਸਕਦੇ ਹਨ। ਹਾਲਾਂਕਿ ਇਸ ਸਬੰਧੀ ਉਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਉਹ ਦਿੱਲੀ ਦੇ ਵਿੱਚ ਕਿਸ ਨੁਮਾਇੰਦੇ ਨੂੰ ਮਿਲਣਗੇ। ਪਰ, ਇੱਥੇ ਸਾਫ ਕਰ ਦਈਏ ਕਿ ਸੂਤਰਾਂ ਦੇ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰ ਕੱਲ ਦਿੱਲੀ ਵਿੱਚ ਲੋਕ ਸਭਾ ਦੇ ਸਪੀਕਰ ਨੂੰ ਮਿਲ ਸਕਦੇ ਹਨ। ਜਿਸ ਦੌਰਾਨ ਉਹ ਅੰਮ੍ਰਿਤਪਾਲ ਸਿੰਘ ਦੇ ਸੋਹ ਚੁੱਕ ਸਮਾਗਮ ਸਬੰਧੀ ਗੱਲਬਾਤ ਕਰਨਗੇ।