ਕਿਸਾਨ ਆਗੂ (ਈਟੀਵੀ ਭਾਰਤ ਚੰਡੀਗੜ੍ਹ ਡੈਸਕ) ਚੰਡੀਗੜ੍ਹ:ਪੰਜਾਬ -ਹਰਿਆਣਾਦੀ ਸਾਂਝੀਰਾਜਧਾਨੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੀ ਬਹਾਲੀ ਅਤੇ ਚੰਡੀਗੜ੍ਹ ਤੋਂ ਬੈਂਗਲੁਰੂ ਤਬਦੀਲ ਕਰਨ ਦੀਆਂ ਖ਼ਬਰਾਂ ਮੀਡੀਆ ਅਦਾਰਿਆਂ ਵਿੱਚ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਸਨ। ਹਾਲਾਂਕਿ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਸੀ, ਪਰ ਹੁਣ ਸੀਆਈਐੱਸਐੱਫ ਨੇ ਮਾਮਲੇ ਸਬੰਧੀ ਅਧਿਕਾਰਿਤ ਪੁਸ਼ਟੀ ਕਰਦਿਆਂ ਸਾਰੀਆਂ ਚਰਚਾਵਾਂ ਉੱਤੇ ਵਿਰਾਮ ਲਗਾ ਦਿੱਤਾ ਹੈ।
ਤਬਾਦਲੇ ਅਤੇ ਬਹਾਲੀ ਸਬੰਧੀ ਈਟੀਵੀ ਭਾਰਤ ਉੱਤੇ CISF ਦਾ ਸਪੱਸ਼ਟੀਕਰਨ: ਚੰਡੀਗੜ੍ਹ ਹਵਾਈ ਅੱਡੇ 'ਤੇ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦਾ ਤਬਾਦਲਾ ਅਤੇ ਬੈਂਗਲੁਰੂ ਦੀ ਇੱਕ ਰਿਜ਼ਰਵ ਬਟਾਲੀਅਨ ਵਿੱਚ 'ਬਹਾਲ' ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ, ਸੀਆਈਐਸਐਫ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ 'ਉਸ ਵਿਰੁੱਧ ਵਿਭਾਗੀ ਜਾਂਚ ਅਜੇ ਵੀ ਜਾਰੀ ਹੈ।'
ਸੀਆਈਐਸਐਫ ਦੇ ਇੱਕ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ, "ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ, ਜਿਸ ਨੇ ਕਥਿਤ ਤੌਰ 'ਤੇ ਬੀਜੇਪੀ ਐਮਪੀ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ, ਨੂੰ ਅਜੇ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖਿਲਾਫ ਵਿਭਾਗੀ ਜਾਂਚ ਅਜੇ ਵੀ ਜਾਰੀ ਹੈ।"
ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਨਿਊਜ਼ ਏਜੰਸੀ ਏਐੱਨਆਈ ਨੇ ਵੀ CISF ਦੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਟ ਸਾਫ ਤੌਰ ਉੱਤੇ ਲਿਖਿਆ ਹੈ ਕਿ ਭਾਜਪਾ ਸੰਸਦ ਮੈਂਬਰ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੀ ਮੁਅੱਤਲੀ ਹੁਣ ਤੱਕ ਜਾਰੀ ਹੈ। ਉਸ ਖ਼ਿਲਾਫ਼ ਵਿਭਾਗ ਵੱਲੋਂ ਲਗਾਤਾਰ ਜਾਂਚ ਵੀ ਜਾਰੀ ਹੈ। ਸੀਆਈਐੱਸਐੱਫ ਦੀ ਪੋਸਟ ਮਗਰੋਂ ਸਾਰੀਆਂ ਅਫਵਾਹਾਂ ਅਤੇ ਕਿਆਸਰਾਈਆਂ ਉੱਤੇ ਪੂਰਨ ਵਿਰਾਮ ਲੱਗ ਗਿਆ ਹੈ।
ਕੁਲਵਿੰਦਰ ਦੇ ਭਰਾ ਨੇ ਵੀ ਜਾਰੀ ਕੀਤੀ ਵੀਡੀਓ: ਇਸ ਦੌਰਾਨ ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਮਹੀਵਾਲ ਵੀ ਅੱਗੇ ਆਇਆ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਅਤੇ ਜੀਜਾ ਦੋਵੇਂ ਇੱਕੋ ਵਿਭਾਗ ਵਿੱਚ ਕੰਮ ਕਰਦੇ ਹਨ। ਜੀਜਾ ਬੰਗਲੌਰ ਵਿੱਚ ਤਾਇਨਾਤ ਹੈ। ਉਸ ਨਾਲ ਭੈਣ ਜੁੜ ਗਈ ਹੈ। ਇਸ ਲਈ ਉਸ ਦੀ ਥਾਂ ਇੱਥੋਂ ਬਦਲ ਦਿੱਤੀ ਗਈ ਹੈ। ਪਹਿਲਾਂ ਬੱਚੇ ਮੇਰੇ ਨਾਲ ਰਹਿੰਦੇ ਸਨ, ਪਰ ਹੁਣ ਬੱਚੇ ਉਨ੍ਹਾਂ ਦੇ ਨਾਲ ਹਨ। ਸ਼ੇਰ ਸਿੰਘ ਨੇ ਦੱਸਿਆ ਕਿ ਜੀਜਾ ਆਪਣੀ ਡਿਊਟੀ ਲਈ ਜਾ ਰਹੇ ਹਨ। ਉਸ ਨੇ ਉਥੇ ਕੁਆਰਟਰ ਬਣਾਏ ਹੋਏ ਹਨ। ਭੈਣ ਹੁਣ ਘਰ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮੁਆਫ਼ੀ ਸ਼ਬਦ ਨਹੀਂ ਹੈ। ਭੈਣ ਨੇ ਜੋ ਥੱਪੜ ਮਾਰਿਆ ਹੈ ਉਹ ਕੰਗਨਾ ਨੂੰ ਨਹੀਂ, ਸਿਸਟਮ ਨੂੰ ਹੈ।
6 ਜੂਨ 2024 ਦੀ ਘਟਨਾ:ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਲਜ਼ਾਮ ਲਾਇਆ ਸੀ ਕਿ ਜਦੋਂ ਉਹ ਦਿੱਲੀ ਜਾ ਰਹੀ ਸੀ ਤਾਂ ਚੰਡੀਗੜ੍ਹ ਹਵਾਈ ਅੱਡੇ 'ਤੇ ਸੁਰੱਖਿਆ ਲਈ ਤਾਇਨਾਤ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਕੰਗਨਾ ਮੁਤਾਬਿਕ ਜਦੋਂ ਉਹ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ ਦੇ ਬੋਰਡਿੰਗ ਪੁਆਇੰਟ ਵੱਲ ਵਧ ਰਹੀ ਸੀ ਤਾਂ ਸੀਆਈਐਸਐਫ ਅਧਿਕਾਰੀ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਥੱਪੜ ਮਾਰ ਦਿੱਤਾ। ਕੰਗਨਾ ਨੇ ਵੀਡੀਓ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਮਹਿਲਾ ਕਾਂਸਟੇਬਲ ਦੀ ਵੀਡੀਓ ਆਈ ਸੀ ਸਾਹਮਣੇ: ਇਸ ਘਟਨਾ ਦੇ ਕੁਝ ਸਮੇਂ ਬਾਅਦ ਹੀ ਇਕ ਹੋਰ ਵੀਡੀਓ ਸਾਹਮਣੇ ਆਇਆ। ਵੀਡੀਓ 'ਚ ਕੰਗਨਾ ਰਣੌਤ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਵਾਲੀ CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਨਜ਼ਰ ਆਈ। ਵੀਡੀਓ 'ਚ ਕੁਲਵਿੰਦਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਔਰਤਾਂ 100-100 ਰੁਪਏ ਲੈ ਕੇ ਅੰਦੋਲਨ 'ਚ ਧਰਨੇ 'ਤੇ ਬੈਠੀਆਂ ਹਨ। ਮੇਰੀ ਮਾਂ ਵੀ ਉਸ ਅੰਦੋਲਨ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਕੰਗਨਾ ਦੇ ਇਸ ਬਿਆਨ ਤੋਂ ਕੁਲਵਿੰਦਰ ਨਾਰਾਜ਼ ਸੀ। ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।