ਤਰਨ ਤਾਰਨ :ਬੀਤੀ ਰਾਤ ਤਰਨ ਤਾਰਨ ਦੇ ਨੌਸ਼ਹਿਰਾ ਪੰਨੂਆਂ 'ਚ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਦਰਅਸਲ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਉਰਫ ਨੋਨੀ ਦੇ ਕਤਲ ਤੋਂ ਬਾਅਦ ਮੁਹੱਲੇ ਦੇ ਹੀ ਰਹਿਣ ਵਾਲੇ ਸਤਿਕਾਰ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ। ਜਿਸ ਵਿੱਚ ਉਸ ਨੇ ਕਿਹਾ ਕਿ ਉਹਨਾਂ ਦੀ ਸੁਪਰ ਸੀਡ (ਬੀਜਾਂ) ਦੀ ਦੁਕਾਨ ਹੈ। ਬੀਤੀ ਰਾਤ ਉਸ ਦੀ ਦੁਕਾਨ ਉੱਤੇ ਮ੍ਰਿਤਕ ਸੁਖਵਿੰਦਰ ਨੋਨੀ ਅਤੇ ਇੱਕ ਹੋਰ ਵਿਅਕਤੀ ਆਇਆ ਸੀ, ਜਿੰਨਾ ਨੇ ਉਹਨਾਂ ਤੋਂ ਫਿਰੌਤੀ ਦੀ ਮੰਗ ਕੀਤੀ, ਇਸ ਦੌਰਾਨ ਉਹਨਾਂ ਨੇ ਜੇਲ੍ਹ ਵਿੱਚ ਬੈਠੇ ਦੋ ਗੈਂਗਸਟਰਾਂ ਨਾਲ ਗੱਲ ਵੀ ਕਰਵਾਈ। ਸੁਖਵਿੰਦਰ ਨੋਨੀ ਅਤੇ ਉਸ ਦੇ ਸਾਥੀ ਨੇ ਪੈਸਿਆਂ ਦੀ ਡਿਮਾਂਡ ਕੀਤੀ ਪਰ ਦੁਕਾਨਦਾਰ ਨੇ ਇਨਕਾਰ ਕਰ ਦਿੱਤਾ।
ਕਤਲ ਕੀਤੇ ਗਏ ਕਬੱਡੀ ਖਿਡਾਰੀ ਦੇ ਗੈਂਗਸਟਰਾਂ ਨਾਲ ਸਬੰਧ (ETV Bharat (ਤਰਨ ਤਾਰਨ, ਪੱਤਰਕਾਰ)) ਫਿਰੌਤੀ ਮੰਗਣ ਸਮੇਂ ਹੋਇਆ ਕਤਲ
ਪੁਲਿਸ ਨੇ ਦੱਸਿਆ ਕਿ ਫਿਰੌਤੀ ਦੇਣ ਤੋਂ ਇਨਕਾਰ ਕਰਨ ਦੇ ਚਲਦਿਆਂ ਹੀ ਉਹਨਾਂ ਦੀ ਝੜਪ ਹੋਈ ਅਤੇ ਨੋਨੀ ਦੁਕਾਨਦਾਰ ਨੂੰ ਧਮਕਾਉਣ ਲੱਗਾ ਪਿਆ। ਇਸ ਦੌਰਾ ਹੈਪੀ ਦਾ ਵੱਡਾ ਭਰਾ ਗੁਰਜੰਟ ਸਿੰਘ ਆਗਿਆ ਅਤੇ ਇਹਨਾਂ ਦੋਵਾਂ 'ਚ ਆਹਮੋ-ਸਾਹਮਣੇ ਦੀ ਫਾਇਰਿੰਗ ਹੋਈ। ਇਸ ਦੌਰਾਨ ਗੋਲੀ ਲੱਗਣ ਕਾਰਣ ਸੁਖਵਿੰਦਰ ਸਿੰਘ ਉਰਫ ਨੋਨੀ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਜ਼ਖਮੀ ਹੋ ਗਿਆ।
ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਾਲ ਸਬੰਧ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਕਬੱਡੀ ਖਿਡਾਰੀ ਨੋਨੀ ਕੋਲੋਂ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਸਬੰਧ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਸੱਤੇ ਨਾਲ ਵੀ ਹਨ। ਗੈਂਗਸਟਰ ਸੱਤਾ ਮ੍ਰਿਤਕ ਦੇ ਚਾਚੇ ਦਾ ਪੁੱਤਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਪੂਰੇ ਮਾਮਲੇ ਵਿੱਚ ਹਰ ਪਹਿਲੂ ਤੋਂ ਪੜਤਾਲ ਕਰਕੇ ਮਾਮਲੇ ਨੂੰ ਸੁਲਝਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਰਿਵਾਰ ਨੇ ਮੰਗਿਆ ਇਨਸਾਫ (ETV Bharat (ਤਰਨ ਤਾਰਨ, ਪੱਤਰਕਾਰ)) ਡੇਢ ਮਹੀਨਾ ਪਹਿਲਾਂ ਦੀ ਹੋਇਆ ਸੀ ਵਿਆਹ
ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਨੋਨੀਕਬੱਡੀ ਦਾ ਖਿਡਾਰੀ ਸੀ ਅਤੇ ਉਹ ਆਪਣੇ ਪਰਿਵਾਰ ਦਾ ਇੱਕਲੌਤਾ ਪੁੱਤਰ ਸੀ ਅਤੇ ਉਸ ਦਾ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਕਬੱਡੀ ਖਿਡਾਰੀ ਦੇ ਪਿਤਾ ਬੱਸ ਡਰਾਈਵਰੀ ਕਰਦੇ ਹਨ। ਖੈਰ ਇਸ ਪੂਰੇ ਮਾਮਲੇ ਵਿੱਚ ਆਏ ਇਸ ਬਦਲਾਅ ਤੋਂ ਬਾਅਦ ਹਰ ਕੋਈ ਹੈਰਾਨ ਹੈ, ਜਿੱਥੇ ਪਿਤਾ ਮੁਤਾਬਿਕ ਨੋਨੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਥੇ ਹੀ ਹੁਣ ਪੁਲਿਸ ਦੇ ਬਿਆਨਾਂ ਤੋਂ ਬਾਅਦ ਪਰਿਵਾਰ ਖਾਮੋਸ਼ ਹੈ ਅਤੇ ਉਹਨਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।