ਹੁਸ਼ਿਆਰਪੁਰ :ਭਾਰਤ ਸਮੇਤ ਪੂਰੀ ਦੁਨੀਆ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਹੀ ਤਹਿਤ ਅੱਜ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਵੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ। ਇਹ ਸਮਾਗਮ ਪੁਲਿਸ ਲਾਈਨ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਪੁਲਿਸ ਮੁਲਾਜ਼ਮਾਂ, ਐਨਐਸਐਸ ਵਾਲੰਟੀਅਰਾਂ, ਐਨਸੀਸੀ ਕੈਡਿਟਾਂ, ਨੌਜਵਾਨਾਂ, ਵਪਾਰੀਆਂ ਸੀਨੀਅਰ ਸਿਟੀਜਨ ਅਤੇ ਜੀਵਨ ਦੇ ਵੱਖ ਵੱਖ ਖੇਤਰਾਂ ਤੋਂ ਆਏ ਲੋਕਾਂ ਨੇ ਇਸ ਯੋਗ ਦਿਵਸ ਸਮਾਗਮ ਵਿੱਚ ਭਾਗ ਲਿਆ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਵੱਖ-ਵੱਖ ਯੋਗ ਆਸਨ ਕਰਵਾਏ ਗਏ ਅਤੇ ਨਾਲ ਹੀ ਲੋਕਾਂ ਨੁੰ ਤੰਦਰੂਸਤ ਰਹਿਣ ਲਈ ਉਪਾਅ ਦੱਸੇ ਗਏ। ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਨ। ਇਸ ਮੌਕੇ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਯੋਗ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਣ ਦਾ ਬਿਹਤਰੀਨ ਸਾਧਨ ਹੈ। ਉਹਨਾਂ ਕਿਹਾ ਕਿ ਯੋਗ ਪ੍ਰਾਚੀਨ ਭਾਰਤੀ ਵਿਗਿਆਨ ਹੈ ਜਿਸ ਨੂੰ ਅੱਜ ਸਾਰੀ ਦੁਨੀਆ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਾਰੇ ਸ਼ਹਿਰਾਂ ਅਤੇ ਬਲਾਕਾਂ ਤੱਕ ਯੋਗ ਦਾ ਪਰਸਿਕਸ਼ਨ ਦਿੱਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਸ ਨੂੰ ਸਾਰੇ ਪਿੰਡਾਂ ਵਿੱਚ ਸ਼ੁਰੂ ਕੀਤਾ ਜਾਵੇਗਾ।