ਲੁਧਿਆਣਾ :ਦੇਸ਼ ਭਰ ਵਿੱਚ ਲੋਕ ਆਰਗੈਨਿਕ ਖੇਤੀ ਵੱਲ ਵੱਧ ਰਹੇ ਹਨ ਅਤੇ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਮੰਗ ਵੀ ਬਾਜ਼ਾਰ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਖਾਸ ਕਰਕੇ ਆਪਣੀ ਸਿਹਤ ਨੂੰ ਲੈ ਕੇ ਜੋ ਲੋਕ ਜਾਗਰੂਕ ਹਨ, ਉਹ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਕਰਦੇ ਹਨ, ਪਰ ਆਰਗੈਨਿਕ ਸਬਜ਼ੀਆਂ ਅਤੇ ਫਲ ਹੁਣ ਵੀ ਬਹੁਤ ਘੱਟ ਗਿਣਤੀ ਵਿੱਚ ਉਗਾਈਆਂ ਜਾਂਦੀਆਂ ਹਨ।
ਉੱਥੇ ਹੀ, ਲੁਧਿਆਣਾ ਦਾ ਇੰਸਪੈਕਟਰ ਜਰਨੈਲ ਸਿੰਘ ਨਾ ਸਿਰਫ ਪੰਜਾਬ ਪੁਲਿਸ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ, ਸਗੋਂ ਆਰਗੈਨਿਕ ਸਬਜ਼ੀਆਂ ਉਗਾ ਕੇ ਲੋਕਾਂ ਦੀ ਸਿਹਤ ਸਬੰਧੀ ਵੀ ਆਪਣੀ ਚਿੰਤਾ ਜ਼ਾਹਿਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਗਰੂਕ ਕਰ ਰਿਹਾ ਹੈ। ਲੁਧਿਆਣਾ ਦੇ ਮੁੱਲਾਂਪੁਰ ਦੇ ਨੇੜੇ 5 ਏਕੜ ਵਿੱਚ ਹੁਣ ਜਰਨੈਲ ਸਿੰਘ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰ ਰਿਹਾ ਹੈ।
ਕਿਵੇਂ ਕੀਤੀ ਸ਼ੁਰੂਆਤ: ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਆਪਣੀ ਸੇਵਾਵਾਂ ਨਿਭਾ ਰਿਹਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਹੀ ਖਾਣ ਯੋਗ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ ਸਨ, ਕਿਉਂਕਿ ਉਨ੍ਹਾਂ ਨੂੰ ਡਾਕਟਰ ਨੇ ਕਿਹਾ ਸੀ ਕਿ ਉਹ ਕੈਮੀਕਲ ਮੁਕਤ ਸਬਜ਼ੀਆਂ ਅਤੇ ਫਲਾਂ ਦਾ ਹੀ ਸੇਵਨ ਕਰਨ ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਆਪਣੇ ਘਰ ਲਈ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇੱਕ ਏਕੜ ਵਿੱਚ ਆਰਗੈਨਿਕ ਖੇਤੀ ਦਾ ਪਲਾਂਟ ਸ਼ੁਰੂ ਕੀਤਾ।
ਅੱਜ ਜਰਨੈਲ ਸਿੰਘ ਪੰਜ ਏਕੜ ਵਿੱਚ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਡਿਊਟੀ ਤੋਂ ਉਸ ਨੂੰ ਸਮਾਂ ਮਿਲਦਾ ਹੈ, ਤਾਂ ਉਹ ਆਪਣੇ ਖੇਤਾਂ ਵਿੱਚ ਆ ਕੇ ਸਬਜ਼ੀਆਂ ਦੀ ਦੇਖਭਾਲ ਕਰਦੇ ਹਨ ਅਤੇ ਉਨ੍ਹਾਂ ਦੀ ਪੈਦਾਵਾਰ ਸਬੰਧੀ ਕਾਫੀ ਚਿੰਤਿਤ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਉਸ ਨੇ ਆਰਗੈਨਿਕ ਖੇਤੀ ਕਰਨ ਦੀ ਸਿਖਲਾਈ ਲਈ ਹੈ ਅਤੇ ਉਨ੍ਹਾਂ ਤੋਂ ਪ੍ਰੋਜੈਕਟ ਦੀ ਜਾਣਕਾਰੀ ਲੈ ਕੇ ਇਸ ਦੀ ਸ਼ੁਰੂਆਤ ਕੀਤੀ ਸੀ।