ਲੁਧਿਆਣਾ: ਲੁਧਿਆਣਾ ਨੂੰ ਆਪਣਾ 7ਵਾਂ ਮੇਅਰ ਮਿਲ ਗਿਆ। ਆਮ ਆਦਮੀ ਪਾਰਟੀ ਨੇ ਇੰਦਰਜੀਤ ਕੌਰ ਨੂੰ ਸ਼ਹਿਰ ਦੀ ਮੇਅਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਮਹਿਲਾ ਮੇਅਰ ਮਿਲੀ ਹੈ। ਦਰਅਸਲ, ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਇਸ ਤੋਂ ਇਲਾਵਾਸੀਨੀਅਰ ਡਿਪਟੀ ਮੇਅਰ ਵਾਰਡ ਨੰਬਰ 90 ਦੇ ਕੌਂਸਲਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਵਾਰਡ ਨੰਬਰ 40 ਤੋਂ ਕੌਂਸਲਰ ਪ੍ਰਿੰਸ ਜੋਹਰ ਨੂੰ ਬਣਾਇਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ (ਟਵੀਟ) ਉੱਤੇ ਜਾਣਕਾਰੀ ਦਿੰਦੇ ਲਿਖਿਆ ‘ਆਮ ਆਦਮੀ ਪਾਰਟੀ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੌਹਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹਨਾਂ ਤਿੰਨਾਂ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਅਗਾਊਂ ਸ਼ੁਭਕਾਮਨਾਵਾਂ।’
ਇੰਦਰਜੀਤ ਕੌਰ ਲੁਧਿਆਣਾ ਦੇ ਵਾਰਡ ਨੰਬਰ 13 ਤੋਂ ਕੌਂਸਲਰ ਹੈ। ਇੰਦਰਜੀਤ ਕੌਰ ਇੱਕ ਨਿੱਜੀ ਸਕੂਲ ਵਿੱਚ ਪ੍ਰਿੰਸੀਪਲ ਹਨ ਤੇ ਇਹਨਾਂ ਦੇ ਪਤੀ ਇੱਕ ਵਪਾਰੀ ਹਨ। ਦੱਸ ਦੇਈਏ ਕਿ ਪਿਛਲੇ ਸਾਲ 21 ਦਸੰਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ 'ਚ 'ਆਪ' 41 ਵਾਰਡਾਂ 'ਚ ਜਿੱਤ ਦਰਜ ਕਰਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਪਿਛਲੇ ਕੁਝ ਹਫ਼ਤਿਆਂ ਦੇ ਝਟਕੇ ਵਿੱਚ, ਕਾਂਗਰਸ ਦੇ ਚਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਆਜ਼ਾਦ ਕੌਂਸਲਰ 'ਆਪ' ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 48 ਹੋ ਗਈ ਤੇ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਮੇਅਰ ਦਾ ਐਲਾਨ ਕਰ ਦਿੱਤਾ ਹੈ।