ਮਾਨਸਾ: ਬਸੰਤ ਪੰਚਮੀ ਮੌਕੇ ਹੋਣ ਵਾਲੀ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਰੋਕਣ ਦੇ ਲਈ ਸਰਕਾਰ ਵੱਲੋਂ ਚਾਈਨਾ ਡੋਰ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮਾਨਸਾ ਪ੍ਰਸ਼ਾਸਨ ਵੱਲੋਂ ਵੀ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉੱਥੇ ਹੀ ਆਮ ਲੋਕਾਂ ਨੇ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਚਾਈਨਾ ਡੋਰ ਉੱਤੇ ਪਾਬੰਧੀ
ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਅਤੇ ਸ਼ਹਿਰਾਂ ਦੇ ਵਿੱਚ ਜਿਆਦਾਤਰ ਪਤੰਗ ਚੜਾਉਣ ਦੇ ਲਈ ਚਾਈਨਾ ਡੋਰ ਦਾ ਇਸਤੇਮਾਲ ਹੋਣ ਲੱਗਿਆ ਹੈ, ਜਿਸ ਨਾਲ ਜਾਨੀ ਨੁਕਸਾਨ ਹੋ ਰਹੇ ਹਨ। ਰਾਹਗੀਰਾਂ ਦੇ ਗਲੇ ਕੱਟੇ ਜਾ ਰਹੇ ਹਨ ਤੇ ਜਾਨਵਰ ਵੀ ਇਸ ਚਾਈਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ। ਮਾਨਸਾ ਵਿੱਚ ਦੁਕਾਨਾਂ ਉੱਤੇ ਪਤੰਗਾਂ ਦੀ ਭਰਮਾਰ ਹੈ, ਪਰ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹ ਚਾਈਨਾ ਡੋਰ ਨਹੀਂ ਵੇਚ ਰਹੇ ਹਨ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇਸ ਦੌਰਾਨ ਸ਼ਹਿਰ ਵਾਸੀਆਂ ਨੇ ਕਿਹਾ ਕਿ ਚਾਈਨਾ ਡੋਰ ਹਾਦਸਿਆਂ ਦਾ ਕਾਰਨ ਹੈ। ਇਸ ਚਾਈਨਾ ਡੋਰ ਦੇ ਨਾਲ ਲੋਕਾਂ ਦੀ ਕੀਮਤੀ ਜਾਨ ਜਾ ਰਹੀ ਹੈ ਅਤੇ ਪਰਿਵਾਰ ਉਜੜ ਰਹੇ ਹਨ, ਪਰ ਕੁਝ ਲੋਕ ਆਪਣੇ ਸ਼ੌਂਕ ਦੇ ਚੱਲਦਿਆਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹਨ ਜਿਸ ਨਾਲ ਵੱਡੇ ਹਾਦਸੇ ਹੋ ਰਹੇ ਹਨ। ਉਹਨਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਵੇਚਣ ਵਾਲੇ ਅਤੇ ਸਟੋਰ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਗਾਈ ਜਾਵੇ।
ਹੋਵੇਗੀ ਸਖ਼ਤ ਕਾਰਵਾਈ
ਚਾਈਨਾ ਡੋਰ ਦੇ ਹੋ ਰਹੇ ਇਸਤੇਮਾਲ ਨੂੰ ਰੋਕਣ ਦੇ ਲਈ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ। ਬੇਸ਼ੱਕ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦਾ ਤਿਉਹਾਰ ਹੈ ਲੋਕ ਪਤੰਗਬਾਜ਼ੀ ਕਰਦੇ ਹਨ, ਪਰ ਆਮ ਡੋਰ ਦੇ ਨਾਲ ਪਤੰਗਬਾਜ਼ੀ ਕੀਤੀ ਜਾ ਸਕਦੀ ਹੈ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਹੈ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਸਟੋਰ ਕਰਕੇ ਰੱਖਦਾ ਹੈ ਜਾਂ ਖਰੀਦਦਾ ਹੈ ਤਾਂ ਉਸਦੇ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।