ਪੰਜਾਬ

punjab

ETV Bharat / state

ਸੜਕਾਂ 'ਤੇ ਕਿਸਾਨ ਅਤੇ ਲੋਕ ਪ੍ਰੇਸ਼ਾਨ, ਝੋਨੇ ਦੇ ਖਰੀਦ ਪ੍ਰਬੰਧਾਂ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਪੰਜਾਬ ਸਰਕਾਰ ! - FARMERS CHAKKA JAM

ਝੋਨੇ ਦੀ ਖਰੀਦ ਨਾ ਹੋਣ 'ਤੇ ਕਿਸਾਨਾਂ ਵਲੋਂ ਸੜਕਾਂ ਜਾਮ ਕੀਤੀਆਂ ਗਈਆਂ ਹਨ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪੜ੍ਹੋ ਖ਼ਬਰ...

ਝੋਨੇ ਦੀ ਖਰੀਦ ਨਾ ਹੋਣ ਦੇ ਰੋਸ 'ਚ ਧਰਨਾ
ਝੋਨੇ ਦੀ ਖਰੀਦ ਨਾ ਹੋਣ ਦੇ ਰੋਸ 'ਚ ਧਰਨਾ (ETV BHARAT)

By ETV Bharat Punjabi Team

Published : Oct 26, 2024, 6:20 PM IST

ਬਠਿੰਡਾ:ਪੰਜਾਬ ਵਿੱਚ ਝੋਨੇ ਦੀ ਖਰੀਦ, ਢੋਆ-ਢੁਆਈ, ਡੀਏਪੀ ਅਤੇ ਪਰਾਲੀ ਦੇ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸੜਕਾਂ ਜਾਮ ਕੀਤੀਆਂ ਗਈਆਂ ਅਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਦੇ ਜੱਸੀ ਪਓ ਵਾਲੀ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੋਲਦੇ ਹੋਏ ਦੋਸ਼ ਲਾਇਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਜਿਸ ਕਾਰਨ ਮਜਬੂਰਨ ਹੁਣ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ ਅਤੇ ਜਿੰਨਾ ਸਮਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।

ਝੋਨੇ ਦੀ ਖਰੀਦ ਨਾ ਹੋਣ ਦੇ ਰੋਸ 'ਚ ਧਰਨਾ (ETV BHARAT)

ਮੰਡੀਆਂ 'ਚ ਰੁਲਣ ਲਈ ਕਿਸਾਨ ਮਜਬੂਰ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਨਾ ਕਰਨਾ, ਝੋਨਾ ਮੰਡੀਆਂ ਰੋਲਣ ਲਈ ਮਜਬੂਰ ਕਰਨਾ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਕਰਨਾ, ਇਹ ਸਭ ਸੂਬਾ ਤੇ ਕੇਂਦਰ ਸਰਕਾਰ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਮਿਲ ਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਨੂੰ ਮੰਡੀਆਂ 'ਚ ਰੋਲਣ ਦੇ ਜਿੰਮੇਵਾਰ ਹਨ, ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਇਹ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਮੰਡੀਆਂ 'ਚੋਂ ਕਿਸਾਨਾਂ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋ ਰਿਹਾ ਹੈ।

ਸਰਕਾਰ ਨੇ ਕੀਤੇ ਸੀ ਵੱਡੇ-ਵੱਡੇ ਵਾਅਦੇ

ਕਿਸਾਨ ਆਗੂਆਂ ਨੇ ਦੱਸਿਆ ਕਿ ਲੱਗਭਗ 15 ਦਿਨਾਂ ਤੋਂ ਉੱਪਰ ਮੰਡੀਆਂ 'ਚ ਝੋਨਾ ਆਏ ਨੂੰ ਹੋ ਗਏ ਨੇ ਪਰ ਮਾਰਕੀਟ ਕਮੇਟੀਆਂ ਦੇ ਅਧਿਕਾਰੀ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਮੰਡੀਆਂ 'ਚ ਆ ਕੇ ਝੋਨੇ ਦੀ ਖਰੀਦ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਰਾਤਾਂ ਕੱਟਣ ਲਈ ਸਰਕਾਰਾਂ ਨੇ ਮਜਬੂਰ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਝੋਨੇ ਦਾ ਮੰਡੀਆਂ ਚੋਂ ਦਾਣਾ-ਦਾਣਾ ਚਕਾਉਣ ਲਈ ਮੰਡੀਆਂ 'ਚ ਪੂਰੇ ਪ੍ਰਬੰਧ ਤੱਕ ਨਹੀਂ ਕੀਤੇ ਗਏ।

ਡੀਏਪੀ ਦੀ ਕਮੀ ਤੇ ਪਰਾਲੀ ਪ੍ਰਬੰਧਨ ਸਮੱਸਿਆ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡੀਏਪੀ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਨਾਲ ਹੀ ਡੀਏਪੀ ਨਾਲ ਵਾਧੂ ਸਮਾਨ ਦੇਣ 'ਤੇ ਰੋਕ ਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਰਾਲੀ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਕਰਵਾਉਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਵੀ ਸਰਕਾਰ ਨੂੰ ਕਿਸਾਨਾਂ ਵੱਲੋਂ ਕਈ ਵਾਰ ਜ਼ੋਰ ਦੇ ਕੇ ਪਰਾਲੀ ਦਾ ਪ੍ਰਬੰਧਨ ਕਰਨ ਲਈ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਜਾਂ ਬੇਲਰ ਮਸ਼ੀਨਾਂ ਪਿੰਡਾਂ 'ਚ ਮੁਹੱਈਆਂ ਕਰਵਾਉਣ ਦੀ ਮੰਗ ਰੱਖੀ ਗਈ ਸੀ, ਜੋ ਅੱਜ ਤੱਕ ਵੀ ਪੂਰੀਆਂ ਨਹੀਂ ਹੋਈਆਂ। ਕਿਸਾਨਾਂ ਆਗੂਆਂ ਨੇ ਕਿਹਾ ਕਿ ਇੰਨ੍ਹਾਂ ਮੰਗਾਂ ਨੂੰ ਲੈਕੇ ਉਨ੍ਹਾਂ ਵਲੋਂ ਬਠਿੰਡਾ 'ਚ ਅੱਜ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਹੈ।

ਅਣਮਿੱਥੇ ਸਮੇਂ ਲਈ ਧਰਨਾ ਰਹੇਗਾ ਜਾਰੀ

ਕਿਸਾਨ ਆਗੂਆਂ ਦਾ ਕਹਿਣਾ ਕਿ ਜਿੰਨਾ ਚਿਰ ਸਰਕਾਰ ਝੋਨੇ ਦਾ ਮੰਡੀਆਂ 'ਚੋਂ ਦਾਣਾ-ਦਾਣਾ ਨਹੀਂ ਚੁੱਕਦੀ, ਢੋਆ ਢੁਆਈ ਦਾ ਪ੍ਰਬੰਧ ਨਹੀਂ ਕਰਦੀ, ਪਰਾਲੀ ਦਾ ਪ੍ਰਬੰਧ, ਡੀਏਪੀ ਨਾਲ ਵਾਧੂ ਸਮਾਨ ਦੇਣ 'ਤੇ ਰੋਕ ਲਾਉਣੀ ਆਦਿ ਮੰਗਾਂ ਨੂੰ ਸਰਕਾਰ 'ਤੇ ਪ੍ਰਸ਼ਾਸਨ ਲਾਗੂ ਨਹੀਂ ਕਰਦਾ ਤਾਂ ਅਣਮਿੱਥੇ ਸਮੇਂ ਲਈ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਿੰਮੇਵਾਰ, ਖੁਦ ਪੰਜਾਬ ਸਰਕਾਰ ਦੀ ਹੋਵੇਗੀ।

ਮੰਡੀਆਂ 'ਚ ਵੀ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ

ਕਿਸਾਨਾਂ ਦਾ ਕਹਿਣਾ ਕਿ ਖਰੀਦ ਕੇਂਦਰਾਂ ਉੱਪਰ ਝੋਨੇ ਦੀ ਫਸਲ ਵੇਚਣ ਆਏ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ ਵਿੱਚ ਬਹੁਤ ਜ਼ਿਆਦਾ ਖਾਮੀਆਂ ਪਾਈਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਖਰੀਦ ਕੇਂਦਰ ਅੰਦਰ ਝੋਨੇ ਦੀ ਫਸਲ ਵੇਚਣ ਆਏ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਖਰੀਦ ਕੇਂਦਰਾਂ 'ਤੇ ਮੁੱਢਲੀਆਂ ਸਹੂਲਤਾਂ ਵਿੱਚ ਪਾਈਆਂ ਜਾਣ ਵਾਲੀਆਂ ਖਾਮੀਆਂ ਦੀ ਉੱਚ ਪੱਧਰੀ ਜਾਂਚ ਦੇ ਨਾਲ-ਨਾਲ ਵਿਜ਼ੀਲੈਂਸ ਪੰਜਾਬ ਤੋਂ ਜਾਂਚ ਕਰਵਾਈ ਜਾਵੇ।

ਜਾਮ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ

ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਅਤੇ ਸੜਕਾਂ ਜਾਮ ਦੇ ਚੱਲਦਿਆਂ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਗ੍ਹਾ-ਜਗ੍ਹਾ ਲੰਬੇ-ਲੰਬੇ ਜਾਮ ਵੇਖਣ ਨੂੰ ਮਿਲ ਰਹੇ ਹਨ। ਜਿਸ ਕਾਰਨ ਰਾਹਗੀਰ ਰਸਤਾ ਬਦਲ ਕੇ ਆਪਣੀ ਮੰਜ਼ਿਲ ਵੱਲ ਵੱਧਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।

ABOUT THE AUTHOR

...view details