ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਰਮੀ ਨੇ ਜ਼ੋਰ ਫੜ੍ਹਿਆ ਸੀ ਅਤੇ ਲੋਕ ਜ਼ਿਆਦਾ ਤਾਪਮਾਨ ਤੋਂ ਦੁਖੀ ਨਜ਼ਰ ਆ ਰਹੇ ਸਨ। ਦੂਜੇ ਪਾਸੇ ਅੱਜ ਤੜਕਸਾਰ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਸਮ ਅੰਦਰ ਵੈਸਟਰਨ ਡਿਸਟਰਬੈਂਸ ਕਾਰਣ ਤਬਦੀਲੀ ਅਤੇ ਕਈ ਥਾਈਂ ਤੇਜ਼ ਰਫਤਾਰ ਮੀਂਹ ਦੇ ਨਾਲ ਗੜ੍ਹੇਮਾਰੀ ਹੋਈ। ਇਸ ਮੀਂਹ ਨਾਲ ਭਾਵੇਂ ਆਮ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਪਰ ਕਣਕ ਦੀ ਰੰਗ ਵਟਾ ਰਹੀ ਫਸਲ ਨੂੰ ਇਸ ਨਾਲ ਮਾਰ ਪਈ ਹੈ।
ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ:ਮੌਸਮ ਵਿਭਾਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ-ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸਾ ਅਤੇ ਸੰਗਰੂਰ ਵਿੱਚ ਯੈਲੋ ਅਲਰਟ ਅਤੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੈ। ਵਿਭਾਗ ਅਨੁਸਾਰ ਇਸ ਦੌਰਾਨ ਗੜੇਮਾਰੀ, ਬਿਜਲੀ ਡਿੱਗਣ, 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਹਨੇਰੀ ਅਤੇ ਤੂਫਾਨ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।