ਮਾਂ ਦੀ ਯਾਦ 'ਚ ਲਗਾਏ ਸੈਂਕੜੇ ਪੌਦੇ (ETV Bharat Mansa)
ਮਾਨਸਾ : ਭਾਰਤੀ ਫੌਜ ਦੇ ਜਵਾਨ ਵੱਲੋਂ ਜਿੱਥੇ ਦੇਸ਼ ਦੀ ਰਾਖੀ ਕੀਤੀ ਜਾ ਰਹੀ ਹੈ, ਉਥੇ ਹੀ ਵਾਤਾਵਰਨ ਦੀ ਰਾਖੀ ਕਰਨ ਦਾ ਵੀ ਇੱਕ ਵਧੀਆ ਸੁਨੇਹਾ ਦਿੱਤਾ ਗਿਆ ਹੈ। ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਫੌਜੀ ਜਵਾਨ ਦੀ ਪਿਛਲੇ ਦਿਨੀ ਮਾਤਾ ਸਵਰਗਵਾਸ ਹੋ ਗਏ ਸਨ, ਆਪਣੀ ਮਾਤਾ ਦੀ ਯਾਦ ਵਿੱਚ ਇਸ ਫੌਜੀ ਜਵਾਨ ਵੱਲੋਂ ਆਪਣੇ ਖੇਤ ਵਿੱਚ ਅਤੇ ਸਾਂਝੀਆਂ ਥਾਵਾਂ ਤੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ।
ਮਾਤਾ ਦੀ ਯਾਦ ਨੂੰ ਕੀਤਾ ਤਾਜ਼ਾ :ਦਿਨੋ ਦਿਨ ਗੰਧਲੇ ਹੋ ਰਹੇ ਵਾਤਾਵਰਨ ਅਤੇ ਘੱਟ ਰਹੀ ਦਰਖਤਾਂ ਦੀ ਗਿਣਤੀ ਤੋਂ ਚਿੰਤਿਤ ਭਾਰਤੀ ਫੌਜ ਦੇ ਜਵਾਨ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਸਰਬੰਸ ਦਾਨੀ ਵੈਲਫੇਅਰ ਕਲੱਬ ਦੇ ਨਾਲ ਮਿਲ ਕੇ ਆਪਣੇ ਖੇਤ ਅਤੇ ਸਾਂਝੀਆਂ ਥਾਵਾਂ 'ਤੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀ ਭਾਰਤੀ ਫੌਜ ਦੇ ਜਵਾਨ ਹਰਦੀਪ ਸਿੰਘ ਪੰਨੂ ਦੀ ਮਾਤਾ ਸਵਰਗਵਾਸ ਹੋ ਗਏ ਸਨ। ਉਨਾਂ ਵੱਲੋਂ ਆਪਣੀ ਮਾਤਾ ਦੀ ਇਸ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਸਰਬੰਸਦਾਨੀ ਵੈਲਫੇਅਰ ਕਲੱਬ ਦੇ ਨਾਲ ਮਿਲ ਕੇ ਸੈਂਕੜੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ।
ਵਾਤਾਵਰਨ ਨੂੰ ਸੰਭਾਲ ਕੇ ਰੱਖਣ ਦਾ ਵੀ ਚੰਗਾ ਸੁਨੇਹਾ : ਇਸ ਜਵਾਨ ਨੇ ਦੱਸਿਆ ਕਿ ਭੋਗ ਦੇ ਸਮੇਂ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਕਲੱਬ ਦੇ ਅਹੁਦੇਦਾਰਾਂ ਤੇਜਿੰਦਰ ਸਿੰਘ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਜਿੱਥੇ ਭਾਰਤੀ ਫੌਜ ਦੇ ਵਿੱਚ ਤੈਨਾਤ ਸਾਡੇ ਇਸ ਜਵਾਨ ਵੱਲੋਂ ਦੇਸ਼ ਦੀ ਰਖਵਾਲੀ ਕੀਤੀ ਜਾ ਰਹੀ ਹੈ, ਉੱਥੇ ਹੀ ਇਸ ਜਵਾਨ ਨੇ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਦਾ ਵੀ ਚੰਗਾ ਸੁਨੇਹਾ ਦਿੱਤਾ ਹੈ। ਉਹਨਾਂ ਦੱਸਿਆ ਕਿ ਜਿੱਥੇ ਅੱਜ ਕਿਸਾਨ ਇਹਨਾਂ ਦਰੱਖਤਾਂ ਨੂੰ ਬਚਾਉਣ ਦੀ ਬਜਾਏ ਅੱਗਾਂ ਲਾ ਕੇ ਸਾੜ ਰਹੇ ਹਨ, ਉਥੇ ਹੀ ਦਰਖਤਾਂ ਦੀ ਘਟ ਰਹੀ ਗਿਣਤੀ ਵੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।
ਦਰਖਤਾਂ ਦੀ ਸਾਂਭ ਸੰਭਾਲ ਜਰੂਰੀ : ਦੀ ਉਹਨਾਂ ਕਿਹਾ ਕਿ ਜੇਕਰ ਦਰਖ਼ਤ ਹੋਣਗੇ ਤਾਂ ਅਸੀਂ ਹੋਵਾਂਗੇ ਤਾਂ ਇਸ ਲਈ ਜਿੱਥੇ ਅਸੀਂ ਇਹਨਾਂ ਦਰਖਤਾਂ ਦਾ ਸਹਾਰਾ ਲੈ ਕੇ ਜਿਉਂਦੇ ਰਹਿੰਦੇ ਹਾਂ, ਉੱਥੇ ਹੀ ਸਾਨੂੰ ਵੀ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਫੌਜ ਦੇ ਜਵਾਨ ਵੱਲੋਂ ਇੱਕ ਚੰਗੀ ਪਹਿਲ ਕੀਤੀ ਗਈ ਹੈ, ਜਿਸ ਦਾ ਹੋਰ ਵੀ ਲੋਕਾਂ ਨੂੰ ਪ੍ਰੇਰਨਾ ਲੈ ਕੇ ਆਪਣੇ ਖੇਤਾਂ ਅਤੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਦਰਖ਼ਤ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਵਾਤਾਵਰਨ ਦੇ ਵਿੱਚ ਅਸੀਂ ਦਰਖ਼ਤਾਂ ਦੀ ਗਿਣਤੀ ਵਧਾਉਣ ਵਿੱਚ ਅਹਿਮ ਯੋਗਦਾਨ ਪਾ ਸਕੀਏ।