ਕਾਂਗਰਸ ਅਤੇ ਬਸਪਾ ਹੋਏ ਆਹਮੋ-ਸਾਹਮਣੇ (ETV Bharat (ਲੁਧਿਆਣਾ , ਪੱਤਰਕਾਰ)) ਲੁਧਿਆਣਾ:ਐਸਸੀ ਐਸਟੀ ਐਕਟ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ । ਜਿਸ ਦਾ ਲੁਧਿਆਣਾ ਵਿੱਚ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਲੁਧਿਆਣਾ ਦੇ ਬਾਜ਼ਾਰ ਪੂਰਨ ਤੌਰ 'ਤੇ ਖੁੱਲੇ ਨਜ਼ਰ ਆਏ ਪਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਭਾਰਤ ਨਗਰ ਚੌਂਕ ਤੇ ਲੁਧਿਆਣਾ ਡੀ ਸੀ ਦਫਤਰ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਬੇਸ਼ੱਕ ਉਨ੍ਹਾਂ ਵੱਲੋਂ ਬਾਜ਼ਾਰ ਬੰਦ ਨਹੀਂ ਕਰਵਾਏ ਗਏ ਪਰ ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣਗੇ।
ਸੱਤ ਜੱਜਾਂ ਦੇ ਬੈਂਚ ਵੱਲੋਂ ਫੈਸਲਾ ਲਿਆ ਗਿਆ: ਉੱਧਰ ਲੁਧਿਆਣਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਬੰਦ ਦੇ ਸੱਦੇ ਦੀ ਨਿਖੇਧੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾ ਨੇ ਕਿਹਾ ਕਿ ਸੱਤ ਜੱਜਾਂ ਦੇ ਬੈਂਚ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜੋ ਕਿ ਬਹੁਤ ਸਲਾਘਾਯੋਗ ਹੈ ਕਿਉਂਕਿ ਪਹਿਲਾਂ ਕੁਝ ਲੋਕ ਹੀ ਇਸ ਦਾ ਫਾਇਦਾ ਲੈ ਅਮੀਰ ਹੋ ਰਹੇ ਸਨ। ਪਰ, ਹੁਣ ਉਨ੍ਹਾਂ ਲੋਕਾਂ ਨੂੰ ਵੀ ਇਸਦਾ ਫਾਇਦਾ ਮਿਲੇਗਾ ਜੋ ਲੋਕ ਆਪਣੇ ਅਧਿਕਾਰ ਤੋਂ ਵਾਂਝੇ ਰਹਿ ਗਏ ਸਨ।
ਭਾਰਤ ਬੰਦ ਦੇ ਸੱਦੇ ਦੀ ਨਿਖੇਧੀ :ਉਨ੍ਹਾਂ ਨੇ ਕਿਹਾ ਕਿ ਇਸਦਾ ਕਿਸੇ ਤਰ੍ਹਾਂ ਦਾ ਵੀ ਵਿਰੋਧ ਨਹੀਂ ਹੋਣਾ ਚਾਹੀਦਾ, ਇਸ ਨੂੰ ਸਮਝਣ ਦੀ ਲੋੜ ਹੈ। ਉਹ ਪੂਰਨ ਤੌਰ 'ਤੇ ਭਾਰਤ ਬੰਦ ਦੇ ਸੱਦੇ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵੀ ਬੀਤੇ ਦਿਨ ਸੰਸਦ ਵਿੱਚ ਦਲਿਤਾਂ ਦੇ ਹੱਕ ਵਿੱਚ ਜੋ ਅਵਾਜ਼ ਚੁੱਕੀ ਗਈ ਸੀ ਉਹ ਵੀ ਵੱਡਾ ਮੁੱਦਾ ਬਣੀ ਹੋਈ ਹੈ।
ਚੌਥੀ ਫੇਲ ਨੂੰ ਉਨ੍ਹਾਂ ਦੇ ਖਿਲਾਫ ਕਾਂਗਰਸ ਨੇ ਖੜਾ ਕਰ ਦਿੱਤਾ: ਇਸ ਸਬੰਧੀ ਬਸਪਾ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਮਹਿਜ਼ 100 ਦਿਨ ਦੇ ਲਈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਅਤੇ ਸਾਡੇ ਨਾਲ ਧੋਖਾ ਕੀਤਾ। ਇਸ ਤਰ੍ਹਾਂ ਉਨ੍ਹਾਂ ਕਿਹਾ ਕਿ ਜਦੋਂ ਬਾਬਾ ਸਾਹਿਬ 1952 ਦੇ ਵਿੱਚ ਚੋਣਾਂ ਦੇ ਵਿੱਚ ਖੜੇ ਹੋਏ ਸਨ ਉਦੋਂ ਵੀ ਇੱਕ ਚੌਥੀ ਫੇਲ ਨੂੰ ਉਨ੍ਹਾਂ ਦੇ ਖਿਲਾਫ ਕਾਂਗਰਸ ਨੇ ਖੜਾ ਕਰ ਦਿੱਤਾ। ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਰਹੀ ਹੈ ਇਸ ਕਰਕੇ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਜਦੋਂ ਕਿ ਕੁਝ ਹੋਰ ਪਾਰਟੀਆਂ ਬਸਪਾ ਵੱਲੋਂ ਦਿੱਤੇ ਗਏ ਇਸ ਬੰਦ ਦੇ ਸੱਦੇ ਦਾ ਸਮਰਥਨ ਕਰ ਰਹੀਆਂ ਹਨ।