ਅੰਮ੍ਰਿਤਸਰ: ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜ ਰੋਜ਼ਾ ਅੱਠਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 21 ਤੋਂ 25 ਫਰਵਰੀ ਤੱਕ ਲਗਾਇਆ ਜਾ ਰਿਹਾ, ਜਿਸ ਦਾ ਕਿ ਰਸਮੀ ਉਦਘਾਟਨ ਵੀ ਕੀਤਾ ਗਿਆ ਜਿਸ ਵਿੱਚ ਖਾਸ ਤੌਰ ਉੱਤੇ ਪਦਮ ਸ਼੍ਰੀ ਸੂਫੀ ਗਾਇਕ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਵੀ ਪਹੁੰਚੇ। ਇਸ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਸੁੱਖੀ ਬਾਠ ਸੰਸਥਾਪਕ ਪੰਜਾਬੀ ਭਵਨ ਸਰੀ ਕੈਨੇਡਾ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਨਰੇਗੀ ਸਕੱਤਰ ਰਜਿੰਦਰ ਮੋਹਨ ਛੀਨਾ ਵੀ ਪਹੁੰਚੇ। ਜਾਣਕਾਰੀ ਅਨੁਸਾਰ ਇਸ ਮੇਲੇ ਦੇ ਵਿੱਚ 100 ਦੇ ਕਰੀਬ ਪ੍ਰਕਾਸ਼ਕ ਪਹੁੰਚ ਰਹੇ ਹਨ ਅਤੇ ਪਾਠਕ ਵਿਸ਼ੇਸ਼ ਛੋਟ ਉੱਤੇ ਪੁਸਤਕਾਂ ਖਰੀਦ ਸਕਣਗੇ।
ਪੁਸਤਕ ਮੇਲੇ ਵਿੱਚ ਪਹੁੰਚ:ਇਸ ਮੇਲੇ ਦੇ ਵਿੱਚ ਪੁਸਤਕਾਂ ਲਗਾਈਆਂ ਗਈਆਂ ਹਨ, ਪਰ ਇਸ ਦੇ ਨਾਲ-ਨਾਲ ਮੌਸਮੀ ਫੁੱਲਾਂ ਦੀ ਪ੍ਰਦਰਸ਼ਨੀ, ਵੱਖ-ਵੱਖ ਪਕਵਾਨਾਂ ਦੇ ਸਟਾਲ ਅਤੇ ਕਈ ਮਨੋਰੰਜਨ ਦੇ ਸਾਧਨ ਵੀ ਤਿਆਰ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੰਸਰਾਜ ਹੰਸ ਨੇ ਕਿਹਾ ਕਿ ਖਾਲਸਾ ਕਾਲਜ ਵਿਖੇ ਅੱਠਵਾਂ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਮਹਾਨ ਲੇਖਕ ਅਤੇ ਕਈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨਾਮਵਾਰ ਚਿਹਰੇ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਮੈਂ ਖੁਸ਼ ਨਸੀਬ ਹਾਂ ਕਿਉੰਕਿ ਮੈਨੂੰ ਇਸ ਮੇਲੇ ਦੇ ਉਦਘਾਟਨ ਸਮਾਰੋਹ ਉੱਤੇ ਪਹੁੰਚਣ ਦਾ ਮੌਕਾ ਮਿਲਿਆ।