ਲੁਧਿਆਣਾ:ਪੰਜਾਬ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਲੋੜੀ ਤੋਂ ਇੱਕ ਦੋ ਦਿਨ ਪਹਿਲਾਂ ਜਿੱਥੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਦੂਜੇ ਪਾਸੇ 12 ਜਨਵਰੀ ਅਤੇ 13 ਜਨਵਰੀ ਨੂੰ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਨੂੰ ਵੇਖਦਿਆਂ ਹੋਇਆ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਭਾਵ ਕਿ ਦਿਨ ਦੇ ਵਿੱਚ ਸੰਘਣੀ ਧੁੰਦ ਚਿੱਟਾ ਕੋਹਰਾ ਛਾਇਆ ਰਹੇਗਾ। ਇਸ ਦੌਰਾਨ ਸੂਰਜ ਨਿਕਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਬੀਤੇ ਦੋ ਦਿਨ ਤੋਂ ਧੁੰਦ ਸਵੇਰੇ ਪੈਣ ਤੋਂ ਬਾਅਦ ਦੁਪਹਿਰ ਵੇਲੇ ਸੂਰਜ ਨਿਕਲ ਜਾਂਦਾ ਸੀ ਜਿਸ ਨਾਲ ਤਾਪਮਾਨ ਦੇ ਵਿੱਚ ਵੀ ਕੁਝ ਅਸਰ ਵੇਖਣ ਨੂੰ ਮਿਲਿਆ ਹੈ।
ਲੋਹੜੀ ਵਾਲੇ ਦਿਨ ਪਤੰਗ ਉਡਾਉਣ ਵਾਲਿਆਂ ਲਈ ਜਰੂਰੀ ਖ਼ਬਰ (Etv Bharat) ਤਾਪਮਾਨ ਵਿੱਚ ਵੀ ਆਵੇਗੀ ਗਿਰਾਵਟ
ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਅੰਦਰ ਵੱਧ ਤੋਂ ਵੱਧ ਟੈਂਪਰੇਚਰ 17 ਡਿਗਰੀ ਦੇ ਨੇੜੇ ਅਤੇ ਘੱਟ ਤੋਂ ਘੱਟ ਪੰਜ ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਹੈ। ਪਰ ਜੇਕਰ ਆਉਂਦੇ ਇੱਕ ਦੋ ਦਿਨ ਤੱਕ ਹਲਕੀ ਬਾਰਿਸ਼ ਹੁੰਦੀ ਹੈ ਤਾਂ ਟੈਂਪਰੇਚਰ ਦੇ ਵਿੱਚ ਹੋਰ ਕਮੀ ਵੇਖਣ ਨੂੰ ਮਿਲੇਗੀ। ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਪਵੇਗੀ ਸੰਘਣੀ ਧੁੰਦ
ਹਾਲਾਂਕਿ ਬਾਰਿਸ਼ ਤੋਂ ਬਾਅਦ ਸੰਘਣੀ ਧੁੰਦ ਪਵੇਗੀ, ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕੰਗਰਾ ਨੇ ਕਿਹਾ ਹੈ ਕਿ ਲੋਕ ਇਸ ਗੱਲ ਦਾ ਧਿਆਨ ਰੱਖਣ। ਉਹਨਾਂ ਕਿਹਾ ਕਿ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ 12 ਤੇ 13 ਤਰੀਕ ਨੂੰ ਜਾਰੀ ਕੀਤਾ ਗਿਆ ਹੈ। ਇਸ ਕਰਕੇ ਵਿਜੀਬਿਲਿਟੀ ਇਹਨਾਂ ਦਿਨਾਂ ਦੇ ਦੌਰਾਨ ਕਾਫੀ ਘੱਟ ਜਾਂਦੀ ਹੈ ਲੋਕ ਸੜਕਾਂ ’ਤੇ ਆਵਾਜਾਈ ਦੇ ਦੌਰਾਨ ਜਰੂਰ ਧਿਆਨ ਰੱਖਣ।