ਬਰਨਾਲਾ :ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਮੀਟਿੰਗ ਵਿੱਚ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਸਬੰਧੀ ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਛਿਮਾਹੀ ਫੰਡ ਮੁਹਿੰਮ ਜਲਦੀ ਮੁਕੰਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਕਾਰਪੋਰੇਟਾਂ ਦੇ ਜਬਰੀ ਕਬਜ਼ੇ ਅਤੇ ਪੁਲਿਸ ਦੀ ਧੱਕੇਸ਼ਾਹੀ
ਬੀਤੇ ਦਿਨਾਂ ਤੋਂ ਚੱਲ ਰਹੀ ਫੰਡ ਮੁਹਿੰਮ ਦੀਆਂ ਜ਼ਿਲ੍ਹਾ ਰਿਪੋਰਟਾਂ ਅਨੁਸਾਰ ਆਮ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਦੁੱਨੇਵਾਲਾ ਅਤੇ ਲੇਲੇਵਾਲਾ ਵਿਖੇ ਜ਼ਮੀਨਾਂ ਉੱਤੇ ਕਾਰਪੋਰੇਟਾਂ ਦੇ ਜਬਰੀ ਕਬਜ਼ੇ ਅਤੇ ਪੁਲਿਸ ਦੀ ਧੱਕੇਸ਼ਾਹੀ ਨਾਲ ਕਰਨ ਦੇ ਹੱਲਿਆਂ ਨੂੰ ਬੀਤੇ ਦਿਨ੍ਹੀਂ ਹਜ਼ਾਰਾਂ ਜੁਝਾਰੂ ਕਿਸਾਨਾਂ ਵੱਲੋਂ ਜ਼ਬਤਬੱਧ ਜਾਨਹੂਲਵੇਂ ਘੋਲਾਂ ਰਾਹੀਂ ਪਛਾੜਨ ਉੱਤੇ ਤਸੱਲੀ ਜ਼ਾਹਿਰ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਮਝੌਤਿਆਂ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਵਾਉਣ ਤੱਕ ਪਹਿਰੇਦਾਰੀ ਮੋਰਚੇ ਦਿਨੇ ਰਾਤ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਆਮ ਲੋਕਾਂ ਵੱਲੋਂ ਜੁਝਾਰੂਆਂ ਦੀ ਡੱਟਵੀਂ ਹਮਾਇਤ
ਅੱਥਰੂ ਗੈਸ ਦੇ ਗੋਲਿਆਂ ਤੇ ਸੱਟਾਂ ਫੇਟਾਂ ਵਰਗੀਆਂ ਦੁਸ਼ਵਾਰੀਆਂ ਝੱਲਦੇ ਹੋਏ ਦਿਨੇ ਰਾਤ ਹਫ਼ਤਿਆਂ ਬੱਧੀ ਮੋਰਚਿਆਂ ਵਿੱਚ ਡਟੇ ਰਹਿਣ ਵਾਲੇ ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਦਾ ਜਥੇਬੰਦੀ ਵੱਲੋਂ ਤਹਿਦਿਲੋਂ ਧੰਨਵਾਦ ਕੀਤਾ ਗਿਆ। ਇਨ੍ਹਾਂ ਇਲਾਕਿਆਂ ਦੇ ਆਮ ਲੋਕਾਂ ਵੱਲੋਂ ਜੁਝਾਰੂਆਂ ਦੀ ਡੱਟਵੀਂ ਹਮਾਇਤ ਕਰਨ ਦਾ ਵੀ ਧੰਨਵਾਦ ਕੀਤਾ ਗਿਆ। ਝੋਨੇ ਦੀ ਖ੍ਰੀਦ ਵਿੱਚ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੀ ਨੀਤੀ ਤਹਿਤ ਖੜ੍ਹੇ ਕੀਤੇ ਅੜਿੱਕਿਆਂ ਨੂੰ ਭੰਨ ਕੇ ਪੂਰੇ ਐੱਮਐੱਸਪੀ 'ਤੇ ਖ੍ਰੀਦ ਕਰਵਾਉਣ ਸੰਬੰਧੀ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਥਾਂ ਥਾਂ ਲਾਏ ਗਏ ਕਿਸਾਨੀ ਮੋਰਚਿਆਂ ਦੀ ਕਾਮਯਾਬੀ ਉੱਤੇ ਵੀ ਤਸੱਲੀ ਜ਼ਾਹਰ ਕੀਤੀ ਗਈ।
ਸੂਬਾ ਕਮੇਟੀ ਦੀ ਚੋਣਾਂ ਦੇ ਸਮੇਂ ਦਾ ਐਲਾਨ
ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਫੰਡ ਮੁਹਿੰਮ ਮੁਕੰਮਲ ਹੋਣ ਉਪਰੰਤ ਜਥੇਬੰਦੀ ਦੀ ਨਵੀਂ ਮੈਂਬਰਸ਼ਿਪ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸਦੇ ਮੁਕੰਮਲ ਹੋਣ ਉਪਰੰਤ ਹਰ ਪੱਧਰ 'ਤੇ ਨਵੀਂਆਂ ਕਮੇਟੀਆਂ ਦੀ ਚੋਣ ਲਈ ਡੈਲੀਗੇਟ ਇਜਲਾਸ ਕੀਤੇ ਜਾਣਗੇ। ਸੂਬਾ ਡੈਲੀਗੇਟ ਇਜਲਾਸ ਰਾਹੀਂ ਨਵੀਂ ਸੂਬਾ ਕਮੇਟੀ ਦੀ ਚੋਣਾਂ ਦੇ ਸਮੇਂ ਦਾ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰ ਸੂਬਾਈ ਅਹੁਦੇਦਾਰਾਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਅਤੇ ਜ਼ਿਲ੍ਹਿਆਂ ਦੇ ਪ੍ਰਧਾਨਾਂ/ਜਨਰਲ ਸਕੱਤਰਾਂ ਤੋਂ ਇਲਾਵਾ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਜੀਤ ਕੌਰ ਬਰਨਾਲਾ ਆਦਿ ਸ਼ਾਮਲ ਸਨ।