ਬਠਿੰਡਾ: ਪੰਜਾਬ ਦੀ ਜਵਾਨੀ ਜਿੱਥੇ ਲਗਾਤਾਰ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਦਾ ਰੁੱਖ ਕਰ ਰਹੀ ਹੈ ਉੱਥੇ ਹੀ ਬਠਿੰਡਾ ਦਾ ਇੱਕ ਜੋੜਾ ਆਈਲੈਟਸ ਕਰਨ ਦੇ ਬਾਵਜੂਦ ਵਿਦੇਸ਼ ਨਾ ਜਾ ਕੇ ਨੌਜਵਾਨਾਂ ਲਈ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ। ਗਰੈਜੂਏਟ ਲਵਪ੍ਰੀਤ ਸਿੰਘ ਵੱਲੋਂ ਆਪਣੀ ਪਤਨੀ ਸੁਖਪ੍ਰੀਤ ਕੌਰ ਨਾਲ ਮਿਲ ਬਠਿੰਡਾ ਵਿਖੇ ਆਪਣੀ ਫੂਡ ਦੀ ਰੇੜੀ ਲਗਾ ਕੇ ਰੁਜ਼ਗਾਰ ਚਲਾ ਰਿਹਾ ਹੈ।
ਵਿਦੇਸ਼ ਜਾਣ ਦਾ ਸੀ ਮਨ:ਲਵਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਗ੍ਰੈਜੂਏਸ਼ਨ ਇਕਨੋਮਿਕਸ ਨਾਲ ਕੀਤੀ ਗਈ ਸੀ ਅਤੇ ਇੱਕ ਵਾਰ ਉਸ ਨੇ ਵੀ ਦੂਸਰੇ ਨੌਜਵਾਨਾਂ ਨੂੰ ਵੇਖ ਕੇ ਵਿਦੇਸ਼ ਜਾਣ ਦਾ ਮਨ ਬਣਾਇਆ ਅਤੇ ਆਈਲੈਟਸ ਕੀਤੀ ਪਰ ਬਜ਼ੁਰਗ ਮਾਤਾ ਪਿਤਾ ਨੂੰ ਵੇਖਦੇ ਹੋਏ ਉਸ ਵੱਲੋਂ ਵਿਦੇਸ਼ ਨਾ ਜਾਣ ਦਾ ਮਨ ਬਣਾਇਆ ਗਿਆ ਅਤੇ ਬਠਿੰਡਾ ਦੇ ਹੋਟਲ ਵਿੱਚ ਉਸ ਵੱਲੋਂ ਫੂਡ ਦੀ ਟ੍ਰੇਨਿੰਗ ਲਈ ਗਈ ਅਤੇ ਇਸ ਦੌਰਾਨ ਉਸ ਦਾ ਵਿਆਹ ਸੁਖਪ੍ਰੀਤ ਕੌਰ ਨਾਲ ਹੋਇਆ ਅਤੇ ਫਿਰ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਵਿਦੇਸ਼ ਜਾਣ ਲਈ ਦਬਾਅ ਬਣਾਇਆ ਜਾਣ ਲੱਗਾ। ਉਸਦੀ ਪਤਨੀ ਵੱਲੋਂ 7.5 ਬੈਂਡ ਆਈਲੈਟਸ ਵਿੱਚੋਂ ਲੈ ਲਏ ਗਏ।
ਪਤਨੀ ਨਾਲ ਫੂਡ ਸਟਰੀਟ ਦਾ ਕੰਮ: ਵਿਦੇਸ਼ ਜਾਣ ਲਈ ਭਾਵੇਂ ਉਹਨਾਂ ਵੱਲੋਂ ਫਾਈਲ ਲਗਾ ਦਿੱਤੀ ਗਈ ਸੀ ਪਰ ਕਿਤੇ ਨਾ ਕਿਤੇ ਉਸਦੇ ਮਨ ਵਿੱਚ ਇਹ ਸੀ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰੇ ਕਿਉਂਕਿ ਉਹ ਕਿਸੇ ਦੇ ਅੰਡਰ ਕੰਮ ਨਹੀਂ ਕਰਨਾ ਚਾਹੁੰਦਾ ਸੀ। ਇਸੇ ਦੇ ਚਲਦੇ ਉਸ ਵੱਲੋਂ ਬਠਿੰਡਾ ਦੀ ਪ੍ਰਮੁੱਖ ਸੜਕ ਉੱਤੇ ਆਪਣੀ ਪਤਨੀ ਨਾਲ ਫੂਡ ਸਟਰੀਟ ਦਾ ਕੰਮ ਕੀਤਾ ਗਿਆ। ਉਸ ਦੇ ਇਸ ਕਾਰਜ ਲਈ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਅੱਜ ਉਹ ਚੰਗਾ ਕਾਰੋਬਾਰ ਕਰ ਰਿਹਾ ਹੈ।