ਲੁਧਿਆਣਾ: ਪੰਜਾਬ ਵਿੱਚ ਮੌਸਮ ਅੰਦਰ ਤਬਦੀਲੀਆਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ। ਫ਼ਰਵਰੀ ਮਹੀਨੇ ਵਿੱਚ ਹੀ ਤਾਪਮਾਨ 25 ਡਿਗਰੀ ਤੋਂ ਉਪਰ ਪਹੁੰਚ ਗਿਆ ਹੈ, ਜੋ ਕਿ ਆਮ ਨਾਲੋਂ 4 ਤੋਂ 5 ਡਿਗਰੀ ਜਿਆਦਾ ਹੈ। ਬੀਤੇ ਦਿਨ ਅਬੋਹਰ ਵਿੱਚ 30 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਆਪਣੇ ਆਪ ਵਿੱਚ ਹੀ ਹੈਰਾਨੀਜਨਕ ਹੈ। ਬਦਲਦੇ ਮੌਸਮ ਦਾ ਅਸਰ ਸਿੱਧੇ ਤੌਰ ਉੱਤੇ ਫਸਲਾਂ ਅਤੇ ਸਬਜ਼ੀਆਂ ਉੱਤੇ ਪੈ ਰਿਹਾ ਹੈ। ਖਾਸ ਕਰਕੇ ਕਣਕ ਦੀ ਫ਼ਸਲ ਉੱਤੇ ਇਸ ਤਾਪਮਾਨ ਦਾ ਜਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ, "ਫ਼ਰਵਰੀ ਮਹੀਨੇ ਦੇ ਪਹਿਲੇ 10 ਦਿਨ ਵਿੱਚ ਹੀ ਕਣਕ ਨੂੰ ਦਾਣਾ ਪੈਣਾ ਸ਼ੂਰੂ ਹੋ ਗਿਆ ਹੈ, ਜਿਸ ਕਾਰਨ ਇਸ ਵਾਰ ਕਣਕ ਦਾ ਝਾੜ ਘੱਟ ਜਾਵੇਗਾ। ਕਿਸਾਨਾਂ ਨੂੰ ਡਰ ਹੈ ਕਿ ਝੋਨੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਣਕ ਦੀ ਫ਼ਸਲ ਉੱਤੇ ਵੀ ਨੁਕਸਾਨ ਨਾ ਝੱਲਣਾ ਪਵੇਗਾ।"
ਝੋਨੇ ਤੋਂ ਬਾਅਦ ਕਿਸਾਨਾਂ ਲਈ 'ਸਿਰਦਰਦ' ਬਣੀ ਕਣਕ ਦੀ ਫਸਲ (ETV Bharat) ਝਾੜ 'ਤੇ ਅਸਰ
ਲੁਧਿਆਣਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਡੀ ਟੀਮ ਵੱਲੋਂ ਜਦੋਂ ਕਣਕ ਦੀ ਖੇਤੀ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਆਮ ਤੌਰ ਉੱਤੇ ਕਣਕ ਦਾ ਝਾੜ ਪ੍ਰਤੀ ਕਿੱਲਾ 18 ਤੋਂ 20 ਕੁਇੰਟਲ ਤੱਕ ਹੋ ਜਾਂਦਾ ਹੈ ਤੇ ਇਸ ਲਈ ਠੰਢ ਬਹੁਤ ਜ਼ਰੂਰੀ ਹੈ। ਜਿੰਨੀ ਜਿਆਦਾ ਠੰਢ ਪਵੇਗੀ ਸੀਜ਼ਨ ਉਨ੍ਹਾਂ ਹੀ ਜਿਆਦਾ ਵੱਡਾ ਹੋਵੇਗਾ ਤੇ ਕਣਕ ਝਾੜ ਵੀ ਜਿਆਦਾ ਦੇਵੇਗੀ, ਪਰ ਇਸ ਵਾਰ ਠੰਢ ਘੱਟ ਪੈਣ ਕਾਰਨ ਝਾੜ ਘੱਟ ਰਹਿਣ ਦੀ ਉਮੀਦ ਹੈ।
ਕਿਸਾਨਾਂ ਨੇ ਕਿਹਾ ਕਿ ਝਾੜ ਉੱਤੇ ਘੱਟੋ-ਘੱਟ 2 ਤੋਂ 3 ਕੁਇੰਟਲ ਪ੍ਰਤੀ ਏਕੜ ਅਸਰ ਪਵੇਗਾ, ਜਿਸਦਾ ਨੁਕਸਾਨ ਕਿਸਾਨਾਂ ਨੂੰ ਹੀ ਝੱਲਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੰਡੀਆਂ ਵਿੱਚੋਂ ਝੋਨਾ ਚੁੱਕਿਆ ਨਹੀਂ ਗਿਆ ਜੇਕਰ ਚੁੱਕਿਆ ਗਿਆ ਤਾਂ ਕਾਟ ਲਗਾਕੇ ਚੁੱਕਿਆ ਗਿਆ। ਅਜਿਹੇ ਵਿੱਚ ਕਣਕ ਦੇ ਸੀਜ਼ਨ ਵਿੱਚ ਵੀ ਸਾਫ ਤੌਰ ਉੱਤੇ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ।
ਕਣਕ ਦੀ ਫਸਲ ਬਣੀ ਚਿੰਤਾ ਦਾ ਵਿਸ਼ਾ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚਿੰਤਾ ਜਾਹਿਰ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਹੁਣ ਤੋਂ ਹੀ ਕਣਕਾਂ ਨਿਸਰਨੀਆਂ ਸ਼ੁਰੂ ਹੋ ਗਈਆਂ ਹਨ। ਇਸ ਦਾ ਸਿੱਧਾ ਅਸਰ ਝਾੜ ਉੱਤੇ ਪਵੇਗਾ। ਲੱਖੋਵਾਲ ਨੇ ਕਿਹਾ ਕਿ 30 ਤੋਂ 35 ਫੀਸਦੀ ਤੱਕ ਝਾੜ ਉੱਤੇ ਅਸਰ ਪੈ ਸਕਦਾ ਹੈ ਜਿਸ ਉੱਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਸਬੰਧੀ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ।
ਝੋਨੇ ਤੋਂ ਬਾਅਦ ਕਿਸਾਨਾਂ ਲਈ 'ਸਿਰਦਰਦ' ਬਣੀ ਕਣਕ, ਜਤਾਇਆ ਵੱਡੇ ਨੁਕਸਾਨ ਦਾ ਖ਼ਦਸ਼ਾ ... (ETV Bharat) ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਲਈ ਸੁਝਾਅ
ਇਸ ਸਬੰਧੀ ਜਦੋਂ ਲੁਧਿਆਣਾ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ, "ਫਿਲਹਾਲ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਆਉਂਦੇ ਦਿਨਾਂ ਵਿੱਚ ਮੀਂਹ ਦੇ ਆਸਾਰ ਹਨ। ਜੇਕਰ, ਮੀਂਹ ਪੈ ਜਾਂਦਾ ਹੈ, ਤਾਂ ਝਾੜ ਦੀ ਭਰਪਾਈ ਹੋ ਜਾਵੇਗੀ।" ਪਰ ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ, "ਜੇਕਰ ਤਾਪਮਾਨ ਹੋਰ ਵੱਧਦਾ ਹੈ, ਤਾਂ ਝਾੜ 'ਤੇ ਇਸ ਦਾ ਅਸਰ ਜਰੂਰ ਵੇਖਣ ਨੂੰ ਮਿਲ ਸਕਦਾ ਹੈ। ਕਿਸਾਨਾਂ ਨੂੰ ਫਸਲ ਨੂੰ ਗਰਮੀ ਤੋਂ ਬਚਾਉਣ ਲਈ ਹਲਕਾ ਹਲਕਾ ਪਾਣੀ ਜ਼ਰੂਰ ਲਗਾਉਂਦੇ ਰਹਿਣਾ ਚਾਹੀਦਾ ਹੈ, ਤਾਂ ਉਨ੍ਹਾਂ ਨੂੰ ਨੁਕਸਾਨ ਜਿਆਦਾ ਨਾ ਝੱਲਣਾ ਪਵੇ।"