ਅੰਮ੍ਰਿਤਸਰ:ਗੁਰਦਾਸਪੁਰ ਦੀ ਬਟਾਲਾ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਇਸ ਹੋਟਲ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ ਹੈ। ਸਾਲ 2024 ਵਿੱਚ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਹੈਰੋਇਨ ਦੀ ਖੇਪ ਪਾਈ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਥੇ ਪਹੁੰਚ ਕੇ ਇਸ ਜਾਇਦਾਦ ਨੂੰ ਅਟੈਚ ਕੀਤਾ ਹੈ। ਇਹ ਹੋਟਲ ਲੀਜ਼ 'ਤੇ ਹੈ ਜਿਸ ਨੂੰ ਲੈ ਕੇ ਇਸ ਦੇ ਮਾਲਿਕ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ।
ਹੋਟਲ ਦਾ ਕਮਰਾ ਨੰਬਰ 103 ਸੀ 'ਹੈਰੋਇਨ ਡੀਲ ਰੂਮ' ... ਜਾਣੋ ਮਾਮਲਾ (ETV Bharat) ਹੋਟਲ ਮਾਲਿਕ ਨੇ ਕਿਹਾ- ਮੇਰਾ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ...
ਇਸ ਮੌਕੇ, ਹੋਟਲ ਮਾਲਕਾਂ ਪਰਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਕੁਝ ਵੀ ਪਤਾ ਨਹੀਂ ਸੀ। ਉਨ੍ਹਾਂ ਕਿਹਾ ਸਾਨੂੰ ਇਸ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਆਇਆ ਹੈ।
ਕਰੀਬ 3-4 ਮਹੀਨਿਆਂ ਤੋਂ ਲਗਾਤਾਰ ਐਸਐਸਪੀ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਹੋਟਲ ਲੀਜ਼ ਉੱਤੇ ਦਿੱਤਾ ਹੈ, ਤਾਂ ਕਾਰਵਾਈ ਲਈ ਲੀਜ਼ਰ ਉੱਤੇ ਹੋਣੀ ਚਾਹੀਦੀ ਹੈ। ਮੈ ਹੋਟਲ ਵਿੱਚ ਆ ਕੇ ਬੈਠਦਾ ਵੀ ਨਹੀਂ ਹਾਂ, ਸਿਰਫ਼ ਆਪਣੀ ਪ੍ਰਾਪਰਟੀ ਦੇਖਣ ਲਈ ਚੱਕਰ ਲਾ ਜਾਂਦਾ ਸੀ। ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਨੂੰ ਬਿਨਾਂ ਮਤਲਬ ਤੋਂ ਫਸਾਇਆ ਜਾ ਰਿਹਾ ਹੈ। ਮੇਰੇ ਕੋਲ ਹੋਟਲ ਲੀਜ਼ ਉੱਤੇ ਦੇਣ ਦੇ ਸਾਰੇ ਕਾਗਜ਼ ਵੀ ਹਨ। ਇਹ ਜਾਇਦਾਦ ਮੇਰੀ ਪੁਸ਼ਤੈਨੀ ਹੈ, ਜਿਸ ਉੱਤੇ ਕਰਜ਼ਾ ਲੈ ਕੇ ਹੋਟਲ ਬਣਾਇਆ ਹੈ। ਮੇਰੇ ਕੋਲ ਹਰ ਤਰ੍ਹਾਂ ਦੇ ਕਾਗਜ਼ ਮੌਜੂਦ ਹਨ।
- ਪਰਵਿੰਦਰ ਸਿੰਘ ਅਤੇ ਬਲਬੀਰ ਸਿੰਘ, ਹੋਟਲ ਮਾਲਿਕ
ਹੋਟਲ ਮਾਲਿਕਾਂ ਨੇ ਕਿਹਾ ਕਿ ਲੀਜ਼ਰ ਨਾਲ ਗੱਲਬਾਤ ਕਰਨ, ਪਰ ਮੇਰੇ ਉੱਤੇ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਮਾਲਿਕ ਦਾ ਕੋਈ ਰੋਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਹੋਟਲ ਦੀ ਪ੍ਰਾਪਰਟੀ ਲੀਜ਼ ਕਰਨਾ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਐਸਐਸਪੀ ਕੋਲ ਆਪਣਾ ਪੱਖ ਰੱਖਣ ਲਈ ਘੱਟੋ ਘੱਟ 16 ਵਾਰ ਗਏ ਪਰ ਉਹ ਸਾਨੂੰ ਮਿਲੇ ਨਹੀਂ।
'ਕਮਰਾ ਨੰਬਰ 103 'ਚ ਹੁੰਦਾ ਸੀ ਨਸ਼ੇ ਦਾ ਸੌਦਾ'
ਸੀਨੀਅਰ ਪੁਲਿਸ ਅਧਿਕਾਰੀ ਹਰੀਸ਼ ਬਹਿਲ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਇਸ ਹੋਟਲ 'ਚ ਨਸ਼ੇ ਦਾ ਵੱਡਾ ਕਾਰੋਬਾਰ ਚੱਲ ਰਿਹਾ ਸੀ, ਜਿਸ ਸਬੰਧੀ ਪੁਲਿਸ ਨੇ 2024 'ਚ ਇੱਕ ਮਾਮਲਾ ਦਰਜ ਕੀਤਾ ਸੀ, ਜਿਸ 'ਚ ਹੈਰੋਇਨ ਦੀ ਖੇਪ ਫੜੀ ਗਈ ਸੀ। ਪੁਲਿਸ ਨੇ ਇਸ ਹੋਟਲ ਦੀ ਜਾਇਦਾਦ ਕੁਰਕ ਕਰ ਲਈ ਹੈ। ਤਸਕਰ ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰਾਂ ਨਾਲ ਫੋਨ 'ਤੇ ਗੱਲਬਾਤ ਕਰਦੇ ਸਨ ਅਤੇ ਉਨ੍ਹਾਂ ਨਾਲ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਵੱਡੀ ਖੇਪ ਮੰਗਵਾ ਲੈਂਦੇ ਸਨ।
ਹੋਟਲ ਦਾ ਕਮਰਾ ਨੰਬਰ 103 ਸੀ 'ਹੈਰੋਇਨ ਡੀਲ ਰੂਮ' ... ਜਾਣੋ ਮਾਮਲਾ (ETV Bharat) ਡੇਰਾ ਬਾਬਾ ਨਾਨਕ ਵਿੱਚ ਸਾਲ 2024 ਵਿੱਚ ਐਫਆਈਆਰ ਦਰਜ ਹੋਈ ਸੀ ਜਿਸ ਵਿੱਚ ਕੁੱਲ 23 ਮੁਲਜ਼ਮਾਂ ਦੇ ਨਾਮ ਦਰਜ ਹਨ, ਜਿਨ੍ਹਾਂ ਚੋਂ 13 ਵਿਅਕਤੀ ਗ੍ਰਿਫਤਾਰ ਕੀਤੇ ਗਏ। ਪੁੱਛਗਿੱਛ ਦੌਰਾਨ 2 ਕਿੱਲੋ ਦੇ ਕਰੀਬ ਹੈਰੋਇਨ ਦੀ ਖੇਪ ਰਿਕਵਰ ਹੋਈ ਅਤੇ ਮੌਕੇ ਤੋਂ 3 ਵਿਅਕਤੀ ਫੜ੍ਹੇ ਵੀ ਗਏ ਸੀ। ਫਿਰ ਪਤਾ ਲੱਗਾ ਕਿ ਡਰੋਨ ਜ਼ਰੀਏ ਇਹ ਨਸ਼ੇ ਦੀ ਖੇਪ ਮੰਗਵਾਈ ਜਾਂਦੀ ਸੀ। ਇਹ ਜਿੰਨੇ ਵੀ ਮੁਲਜ਼ਮ ਸੀ, ਉਹ ਇਸੇ ਹੋਟਲ ਵਿੱਚ ਠਹਿਰਦੇ ਸੀ। ਇਨ੍ਹਾਂ ਨਾਲ ਲੀਜ਼, ਮਾਲਿਕ ਅਤੇ ਮੈਨੇਜਰ ਰਲੇ ਹੋਏ ਸਨ, ਜੋ ਜ਼ਿਆਦਾ ਪੈਸਿਆਂ ਉੱਤੇ ਹੋਟਲ ਦਾ 103 ਰੂਮ ਨੰਬਰ ਵਿੱਚ ਨਸ਼ੇ ਦਾ ਸੌਦਾ ਕਰਦੇ ਸੀ। ਇਨ੍ਹਾਂ ਮੁਲਜ਼ਮਾਂ ਤੋਂ ਕਮਰਾ ਦੇਣ ਲੱਗੇ ਕੋਈ ਪਛਾਣ ਪੱਤਰ ਵੀ ਨਹੀਂ ਲਿਆ ਜਾਂਦਾ ਸੀ। ਇਹ ਕਮਰਾ ਨਸ਼ਾ ਤਸਕਰੀ ਦਾ ਅੱਡਾ ਬਣ ਚੁੱਕਾ ਸੀ। ਫੜ੍ਹੇ ਗਏ ਮੁਲਜ਼ਮਾਂ ਦੇ ਪਾਕਿਸਤਾਨ ਨਸ਼ਾ ਤਸਕਰਾਂ ਨਾਲ ਸਬੰਧ ਹਨ। ਇਸ ਸਾਰੇ ਮਾਮਲੇ ਤਹਿਤ ਕਾਰਵਾਈ ਕਰਦੇ ਹੋਏ ਦਿੱਲੀ ਤੋਂ ਆਰਡਰ ਲੈਣ ਤੋਂ ਬਾਅਦ ਹੋਟਲ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ।
- ਹਰੀਸ਼ ਬਹਿਲ, ਸੀਨੀਅਰ ਪੁਲਿਸ ਅਧਿਕਾਰੀ
ਉਨ੍ਹਾਂ ਦੱਸਿਆ ਕਿ ਹੁਣ ਇਹ ਜਾਇਦਾਦ ਨਹੀਂ ਵੇਚੀ ਜਾ ਸਕਦੀ, ਜਲਦ ਹੀ ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰੇਗੀ। ਇਸ ਜਾਇਦਾਦ ਨੂੰ ਵੀ ਫ੍ਰੀਜ਼ ਕੀਤਾ ਗਿਆ। ਹੋਟਲ ਲੀਜ਼ 'ਤੇ ਲੈਣ ਵਾਲਾ ਮਾਲਕ ਵੀ ਸਾਡੇ ਸਾਹਮਣੇ ਪੇਸ਼ ਹੋ ਗਿਆ ਹੈ।