ਰੂਪਨਗਰ :ਹੋਲੇ ਮੁਹੱਲੇ ਦੌਰਾਨ ਸੰਗਤ ਦੇਸ਼ ਵਿਦੇਸ਼ ਤੋਂ ਸ਼੍ਰੀ ਅਨੰਦਪੁਰ ਸਾਹਿਬ ਖ਼ਾਲਸੇ ਦੀ ਧਰਤੀ ਉੱਤੇ ਨਤਮਸਤਕ ਹੋਣ ਲਈ ਪਹੁੰਚਦੀ ਹੈ। ਰੂਪਨਗਰ ਪੁਲਿਸ ਵੱਲੋਂ ਹੋਲੇ ਮੁਹੱਲੇ ਦੀਆਂ ਤਿਆਰੀਆਂ ਦੇ ਲਈ ਰੂਪਰੇਖਾ ਉਲੀਕਣੀ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਵੱਲੋਂ ਹੋਲੇ ਮੁਹੱਲੇ ਨੂੰ ਲੈ ਕੇ ਤਿਆਰੀਆਂ ਬਾਬਤ ਜਾਣਕਾਰੀ ਵੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ।
ਪੁਲਿਸ ਪ੍ਰਸ਼ਾਸਨ ਦਾ ਕੀ ਪਲਾਨ ? (ETV Bharat) ਸੀਸੀਟੀਵੀ ਦੀ ਨਿਗਰਾਨੀ ਹੇਠ ਰਹੇਗਾ ਇਲਾਕਾ
ਐਸਐਸਪੀ ਗੁਲਨੀਤ ਖੁਰਾਨਾ ਵੱਲੋਂ ਦੱਸਿਆ ਗਿਆ ਕਿ,'ਇਸ ਵਾਰੀ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਈ ਜਾਵੇਗੀ। ਪਾਰਕਿੰਗ ਦੀ ਜੋ ਵੀ ਸਮੱਸਿਆ ਆ ਰਹੀ ਸੀ, ਉਸ ਨੂੰ ਹੱਲ ਕੀਤਾ ਜਾਵੇਗਾ ਅਤੇ ਕੈਮਰਿਆਂ ਦੀ ਮਦਦ ਨਾਲ ਚੱਪੇ-ਚੱਪੇ ਉੱਤੇ ਨਜ਼ਰ ਰੱਖੀ ਜਾਵੇਗੀ। ਜਿਨ੍ਹਾਂ ਥਾਵਾਂ ਉੱਤੇ ਪਹਿਲਾਂ ਕੈਮਰੇ ਨਹੀਂ ਲਗਾਏ ਗਏ ਸਨ, ਹੁਣ ਉੱਥੇ ਵੀ ਕੈਮਰੇ ਲਗਾਏ ਜਾਣਗੇ। ਵੱਧ ਤੋਂ ਵੱਧ ਇਲਾਕਾ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ,'।
ਹੁੱਲੜਬਾਜ਼ਾਂ ਉੱਤੇ ਹੋਵੇਗੀ ਸਖ਼ਤੀ
ਹੋਲਾ ਮੁਹੱਲੇ ਦੇ ਤਿਉਹਾਰ ਦੌਰਾਨ ਵੱਡੇ ਪੱਧਰ ਉੱਤੇ ਜਿੱਥੇ, ਸੰਗਤ ਸ਼ਰਧਾ ਭਾਵਨਾ ਨਾਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀ ਹੈ ਉੱਥੇ ਹੀ,ਖ਼ਾਲਸੇ ਦੇ ਸਿਰਜਣਾ ਦਿਹਾੜੇ ਮੌਕੇ ਮਹੌਲ ਧਾਰਮਿਕ ਹੁੰਦਾ ਹੈ ਪਰ ਅਜਿਹੇ ਵਿੱਚ ਕੁੱਝ ਨੌਜਵਾਨਾਂ ਵੱਲੋਂ ਪਿਛਲਿਆਂ ਸਮਿਆਂ ਦੌਰਾਨ ਹੁੱਲੜਬਾਜ਼ੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਉੱਤੇ ਹੁਣ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਜਾਵੇਗੀ। ਹੁੱਲੜਬਾਜ਼ੀ ਕਰਨ ਵਾਲਿਆਂ ਉੱਤੇ ਖ਼ਾਸ ਤੌਰ ਉੱਤੇ ਨਜ਼ਰ ਰਹੇਗੀ ਅਤੇ ਉਨ੍ਹਾਂ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਸ ਤਿਆਰੀ
ਜ਼ਿਕਰਯੋਗ ਹੈ ਕਿ ਹੋਲੇ ਮੁਹੱਲੇ ਮੌਕੇ ਦੇਸ਼-ਵਿਦੇਸ਼ ਤੋਂ ਸੰਗਤ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਉੱਤੇ ਹੋਲਾ ਮੁਹੱਲਾ ਮਨਾਉਣ ਲਈ ਪਹੁੰਚਦੀ ਹੈ, ਜਿੱਥੇ ਨਿਹੰਗ ਸਿੰਘਾਂ ਵੱਲੋ ਖ਼ਾਲਸਾਈ ਜਾਹੋ ਜਲਾਲ ਦਿਖਾਏ ਜਾਂਦੇ ਹਨ। ਇਸ ਮੌਕੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਗੱਤਕੇ ਦੇ ਕਰਤੱਵ ਵੀ ਦਿਖਾਏ ਜਾਂਦੇ ਹਨ ।
ਦੋ ਪੜਾਅ ਵਿੱਚ ਮਨਾਇਆ ਜਾਂਦਾ ਹੋਲਾ ਮੁਹੱਲਾ
ਦੱਸ ਦਈਏ ਕਿ ਹੋਲਾ ਮੁਹੱਲਾ 9 ਮਾਰਚ ਤੋਂ 14 ਮਾਰਚ ਤੱਕ ਮਨਾਇਆ ਜਾਵੇਗਾ। ਹੋਲਾ ਮੁਹੱਲਾ ਦੋ ਪੱਧਰੀ ਪੜਾਅ ਦੌਰਾਨ ਮਨਾਇਆ ਜਾਂਦਾ ਹੈ। ਪਹਿਲੇ ਪੜਾਅ ਦੌਰਾਨ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਤਿੰਨ ਦਿਨ ਅਤੇ ਦੂਜਾ ਪੜਾਅ ਜਿਸ ਨੂੰ ਮੁੱਖ ਪੜਾਅ ਦੇ ਤੌਰ ਉੱਤੇ ਵੀ ਮੰਨਿਆ ਜਾਂਦਾ ਹੈ, ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਇਸ ਬਾਬਤ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਪ੍ਰਬੰਧਾਂ ਦੀ ਜੋ ਰੂਪ ਰੇਖਾ ਉਲੀਕੀ ਜਾਂਦੀ ਹੈ, ਉਸ ਦੀ ਤਿਆਰੀ ਕਰੀਬ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।