ਲੁਧਿਆਣਾ:ਪੰਜਾਬ ਗੁਰੂਆਂ, ਪੀਰਾ, ਪੈਗੰਬਰ ਅਤੇ ਦੇਵੀ ਦੇਵਤਿਆਂ ਦੀ ਧਰਤੀ ਜਿੱਥੇ ਕਿ ਹਰ ਧਰਮ ਦੇ ਨਾਗਰਿਕ ਵਸਦੇ ਹਨ ਅਤੇ ਭਾਈਚਾਰਕ ਸਾਂਝ ਦਾ ਇੱਕ ਸਾਂਝਾ ਪ੍ਰਤੀਕ ਪੰਜਾਬ ਨੂੰ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਕਈ ਪ੍ਰਾਚੀਨ ਮੰਦਿਰ ਹਨ। ਜਿਨਾਂ ਵਿੱਚੋਂ ਇੱਕ ਮੰਦਰ ਭਗਵਾਨ ਸ਼ਿਵਸ਼ੰਕਰ ਜੀ ਦਾ "ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ" ਪਿੰਡ ਚਹਿਲਾਂ ਸਮਰਾਲਾ ਜੋ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ। ਇਸ ਮੰਦਰ ਵਿੱਚ ਪੂਰੇ ਭਾਰਤ ਚੋ ਲੱਖਾਂ ਲੋਕ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਮੰਦਿਰ ਦੀ ਮਾਨਤਾ ਇਹ ਹੈ ਕਿ ਜੇ ਕੋਈ ਵੀ ਸ਼ਿਵ ਭਗਤ ਸੱਚੇ ਮਨ ਨਾਲ ਇਸ ਜਗ੍ਹਾ 'ਤੇ ਆ ਕੇ ਆਪਣੀ ਮੰਨਤ ਮੰਗਦਾ ਹੈ ਤਾਂ ਉਸ ਦੀ ਮੰਨਤ ਜਲਦੀ ਪੂਰੀ ਹੋ ਜਾਂਦੀ ਹੈ। ਇਸ ਜਗ੍ਹਾ 'ਤੇ ਸ਼ਿਵਰਾਤਰੀ ਨੂੰ ਲੱਖਾਂ ਦੀ ਤਾਦਾਦ ਵਿੱਚ ਸ਼ਿਵ ਭਗਤ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ ਅਤੇ ਸ਼ਿਵ ਸ਼ੰਕਰ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
"ਕੀ ਹੈ ਇਸ ਮੰਦਰ ਦਾ ਇਤਿਹਾਸ"
ਮਾਨਤਾ ਹੈ ਕਿ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦੇ ਵਿਆਹ ਤੋਂ ਬਾਅਦ, ਦੋਵੇਂ ਕਈ ਸਾਲਾਂ ਤੱਕ ਇਸ ਸਥਾਨ 'ਤੇ ਰਹੇ। ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣਾ ਪਹਿਲਾ ਯੁਗਲ ਨਿਰਤ ਪੇਸ਼ ਕੀਤਾ। ਇਸ ਤੋਂ ਬਾਅਦ ਦੋਵਾਂ ਦੀ ਸਾਂਝੀ ਸ਼ਕਤੀ ਇਸ ਧਰਤੀ ਵਿੱਚ ਲੀਨ ਹੋ ਗਈ। ਇਸ ਸਥਾਨ 'ਤੇ ਮਾਂ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪੁੱਛਿਆ ਕਿ ਭਵਿੱਖ ਵਿੱਚ ਇਸ ਸਥਾਨ ਦਾ ਕੀ ਮਹੱਤਵ ਹੋਵੇਗਾ, ਤਾਂ ਭਗਵਾਨ ਸ਼ਿਵ ਨੇ ਕਿਹਾ ਕਿ ਜੋ ਕੋਈ ਵੀ ਇੱਥੇ ਆ ਕੇ ਆਪਣੇ ਪਾਪਾਂ ਦੀ ਮਾਫ਼ੀ ਮੰਗੇਗਾ, ਮੈਂ ਉਸਦੇ ਸਾਰੇ ਜਨਮਾਂ ਦੇ ਸਾਰੇ ਪਾਪਾਂ ਦਾ ਨਾਸ਼ ਕਰ ਦਿਆਂਗਾ ਅਤੇ ਉਸਨੂੰ ਮੁਕਤੀ ਦੇਵਾਂਗਾ ਅਤੇ ਭਵਿੱਖ ਵਿੱਚ ਇਹ ਸਥਾਨ ਮੁਕਤੀਧਾਮ ਵਜੋਂ ਜਾਣਿਆ ਜਾਵੇਗਾ ਅਤੇ ਮੈਂ ਖੁਦ ਇੱਥੇ ਤਿੰਨ ਮੰਦਰਾਂ ਵਿੱਚ ਰਹਾਂਗਾ ਅਤੇ ਲੋਕਾਂ ਦਾ ਕਲਿਆਣ ਕਰਾਂਗਾ। ਇੱਥੇ ਮੇਰੇ ਸਿਰ ਅਤੇ ਜਟਾਵਾਂ ਦੇ ਰੂਪ ਵਿੱਚ ਇੱਕ ਸ਼ਿਵਲਿੰਗ ਹੋਵੇਗਾ।
ਕੀਤੀਆਂ ਗਈਆਂ ਅਰਦਾਸਾਂ ਤੁਰੰਤ ਪ੍ਰਵਾਨ
ਦੂਜਾ ਮੰਦਰ ਅੱਖਾਂ ਦੇ ਰੂਪ ਵਿੱਚ ਹੋਵੇਗਾ ਅਤੇ ਤੀਜਾ ਮੇਰੇ ਚਿਹਰੇ ਦੇ ਰੂਪ ਵਿੱਚ ਹੋਵੇਗਾ। ਇਨ੍ਹਾਂ ਤਿੰਨਾਂ ਸ਼ਿਵਲਿੰਗਾਂ ਤੋਂ ਨਿਕਲਣ ਵਾਲੀਆਂ ਸ਼ਕਤੀ ਕਿਰਨਾਂ ਅੰਮ੍ਰਿਤ ਦੀ ਵਰਖਾ ਕਰਨਗੀਆਂ ਜੋ ਅੰਮ੍ਰਿਤਵਕਸ਼ ਦੇ ਹੇਠਾਂ ਬੈਠੇ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਨਗੀਆਂ। ਬ੍ਰਹਮਾ, ਵਿਸ਼ਨੂੰ, ਮਹੇਸ਼ ਹਮੇਸ਼ਾਂ ਮੇਰੇ ਮੁੱਖ ਮੰਦਰ ਦੇ ਨੇੜੇ ਇੱਕ ਰੁੱਖ ਵਿੱਚ ਮੌਜੂਦ ਰਹਿਣਗੇ। ਮਾਨਤਾ ਹੈ ਕਿ ਇੱਥੇ ਮੌਜੂਦ ਸ਼ਿਵਲਿੰਗ ਦੀ ਸ਼ਕਤੀ ਸ਼੍ਰੀ ਅਮਰਨਾਥ ਅਤੇ ਬਾਰ੍ਹਾਂ ਜੋਤੀਰਲਿੰਗਾਂ ਦੇ ਸਮਾਨ ਹੈ। ਇੱਥੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਦਰਬਾਰ ਹੈ। ਇਸ ਥਾਂ 'ਤੇ ਸ਼ਿਵ ਭਗਤਾਂ ਵੱਲੋਂ ਕੀਤੀਆਂ ਗਈਆਂ ਅਰਦਾਸਾਂ ਤੁਰੰਤ ਪ੍ਰਵਾਨ ਹੋ ਜਾਂਦੀਆਂ ਹਨ। ਦੁਆਪਰ ਯੁੱਗ 'ਚ ਵੀ ਇਹ ਮੰਦਰ ਸਥਾਪਿਤ ਸੀ। ਮੰਨਿਆ ਜਾਂਦਾ ਹੈ ਕਿ ਇਹ ਸਥਾਨ ਸਾਢੇ ਪੰਜ ਹਜਾਰ ਸਾਲ ਪਹਿਲਾਂ ਦੁਆਪਰ ਕਾਲ ਤੋਂ ਵੀ ਪੁਰਾਣਾ ਹੈ, ਇਸ ਸਮੇਂ ਦੌਰਾਨ ਇਸ ਸਥਾਨ ਨੂੰ ਮੁਕਤੀਮਠ ਵਜੋਂ ਜਾਣਿਆ ਜਾਂਦਾ ਸੀ। ਇਸ ਮੰਦਰ ਦੇ ਆਲੇ ਦੁਆਲੇ ਚਾਰ ਦਿਸ਼ਾਵਾਂ 'ਚ ਸ਼ਮਸ਼ਾਨ ਘਾਟ ਵੀ ਹਨ।