ਬਠਿੰਡਾ 'ਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁੱਡਾ ਨੇ ਪੌਸ਼ ਇਲਾਕੇ ਵਿੱਚ ਚਲਾਇਆ ਪੀਲਾ ਪੰਜਾ ਬਠਿੰਡਾ: ਅਕਸਰ ਹੀ ਪੁੱਡਾ ਅਧਿਕਾਰੀਆਂ ਵੱਲੋਂ ਪੀਲਾ ਪੰਜਾ ਚਲਾਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਤੋਂ ਸਾਹਮਣੇ ਆਇਆ ਹੈ।ਵੱਡੀ ਗਿਣਤੀ 'ਚ ਪੁਲਿਸ ਨਾਲ ਪੁੱਡਾ ਅਧਿਕਾਰੀ ਪਹੁੰਚੇ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ।
ਵਾਰ-ਵਾਰ ਨੋਟਿਸ ਜਾਰੀ: ਸਵੇਰ ਤੋਂ ਹੀ ਪੁੱਡਾ ਅਧਿਕਾਰੀ ਜੇਸੀਬੀ ਮਸ਼ੀਨਾਂ ਲੈ ਕੇ ਪੌਸ਼ ਇਲਾਕੇ ਵਿੱਚ ਪਹੁੰਚੇ ਸਨ ਕਿਉਂਕਿ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਅਤੇ ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਇਹ ਕਬਜ਼ੇ ਨਹੀਂ ਹਟਾਏ ਗਏ ਸਨ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਖ਼ਤ ਹੁੰਦੇ ਹੋਏ ਪੁੱਡਾ ਅਧਿਕਾਰੀਆਂ ਵੱਲੋਂ ਨਜਾਇਜ਼ ਕਬਜ਼ੇ ਪੀਲੇ ਪੰਜੇ ਨਾਲ ਹਟਾਏ ਗਏ ।
ਲੋਕਾਂ ਦਾ ਪੱਖ: ਇਸ ਮੌਕੇ ਕਲੋਨੀ ਵਾਸੀ ਵਿਨੋਦ ਕੁਮਾਰ ਨੇ ਕਿਹਾ ਕਿ ਪੁੱਡਾ ਅਧਿਕਾਰੀਆਂ ਵੱਲੋਂ ਜੋ ਕਾਰਵਾਈ ਕੀਤੀ ਗਈ ਉਹ ਜਾਇਜ਼ ਹੈ ਕਿਉਂਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਹ ਸਾਰਾ ਕਾਰਜ ਕੀਤਾ ਜਾ ਰਿਹਾ ਹੈ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਰਾਹਗੀਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਨਜਾਇਜ਼ ਕਬਜ਼ੇ ਖੁਦ ਹੀ ਹਟਾ ਲਏ ਜਾਣ ਕਿਉਂਕਿ ਨਜਾਇਜ਼ ਕਬਜ਼ਿਆਂ ਦੇ ਚਲਦਿਆਂ ਹੀ ਆਏ ਦਿਨ ਗਲੀਆਂ ਵਿੱਚ ਹਾਦਸੇ ਵਾਪਰਦੇ ਸਨ ਅਤੇ ਲੋਕ ਪਰੇਸ਼ਾਨ ਹੋ ਰਹੇ ਸਨ। ਜਿਸ ਦੇ ਚਲਦੇ ਅਦਾਲਤ ਵੱਲੋਂ ਇਹ ਹੁਕਮ ਸੁਣਾਏ ਗਏ ਸਨ ਕਿ ਨਜਾਇਜ਼ ਕਬਜ਼ੇ ਹਟਾ ਕੇ ਅਦਾਲਤ ਨੂੰ ਇਸ ਦੀ ਜਾਣਕਾਰੀ ਉਪਲਬਧ ਕਰਾਈ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ:ਪੁੱਡਾ ਅਧਿਕਾਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ 'ਤੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿਖੇ ਨਜਾਇਜ਼ ਕਬਜ਼ੇ ਹਟਾਏ ਗਏ ਅਤੇ ਆਉਂਦੇ ਦਿਨਾਂ ਵਿੱਚ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ।ਇਲਾਕੇ ਵਿੱਚ ਨਜਾਇਜ਼ ਕਬਜ਼ਾ ਕਰੀ ਬੈਠੇ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਗਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੌਰ ਦੇ ਉੱਪਰ ਨਜਾਇਜ਼ ਕਬਜੇ ਹਟਾ ਲੈਣ ਨਹੀਂ ਮਜ਼ਬੂਰਨ ਉਹਨਾਂ ਨੂੰ ਸਖਤੀ ਕਰਕੇ ਇਹ ਨਜਾਇਜ਼ ਕਬਜ਼ੇ ਹਟਾਉਣੇ ਪੈਣਗੇ ।ਉਹਨਾਂ ਕਿਹਾ ਕਿ ਉਹਨਾਂ ਅਧਿਕਾਰੀਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਅਧਿਕਾਰੀਆਂ ਦੇ ਕਾਰਜਕਾਲ ਦੌਰਾਨ ਇਹ ਨਜਾਇਜ਼ ਕਬਜ਼ੇ ਹੋਏ ਸਨ।