ਅੰਮ੍ਰਿਤਸਰ 'ਚ ਗਰਮੀ:ਇਸ ਤਪਦੀ ਹੋਈ ਗਰਮੀ ਵਿੱਚ ਲੋਕਾਂ ਦੀ ਸ਼ਰਧਾ 'ਚ ਕੋਈ ਕਮੀ ਨਹੀਂ ਆਈ, ਸੰਗਤਾਂ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੂੰਚ ਰਹੀਆਂ ਹਨ। ਇਸ ਮੌਕੇ ਸੰਗਤਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਇਸ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ । ਉੱਥੇ ਹੀ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਵਾਹਿਗੁਰੂ ਦੀ ਮਿਹਰ ਸਦਕਾ ਹੈ ਜੋ ਉਹਨਾਂ ਦੀ ਬਦੌਲਤ ਅਸੀਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਰਹੇ ਹਾਂ। ਵਾਹਿਗੁਰੂ ਨੇ ਬੁਲਾਇਆ ਹੈ ਅਤੇ ਜਿੰਨੀ ਮਰਜ਼ੀ ਗਰਮੀ ਹੋਵੇ ਅਸੀਂ ਜਰੂਰ ਆਵਾਂਗੇ। ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ ਤਾਂ ਜੋ ਅਸੀਂ ਆਪਣੇ ਪਾਣੀ ਨੂੰ ਅਤੇ ਹਵਾ ਨੂੰ ਬਚਾ ਸਕੀਏ। ਜੇਕਰ ਰੁੱਖ ਲੱਗੇ ਹੋਣਗੇ ਤਾਂ ਸਾਨੂੰ ਉਹਨਾਂ ਰੁੱਖਾਂ ਤੋਂ ਹਵਾ ਵੀ ਜਰੂਰ ਮਿਲੇਗੀ ਅਤੇ ਇੰਨੀ ਵਧ ਰਹੀ ਗਰਮੀ ਤੋਂ ਸਾਨੂੰ ਨਿਜਾਤ ਮਿਲੇਗੀ। ਉਹਨਾਂ ਕਿਹਾ ਕਿ ਗਰਮੀ ਤੋਂ ਬਚਣ ਦੇ ਲਈ ਠੰਡੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਇੱਥੇ ਆ ਕੇ ਅਸੀਂ ਗੁਰੂ ਘਰ ਵਿੱਚ ਵੇਖਿਆ ਕਿ ਜਗ੍ਹਾ ਜਗ੍ਹਾ ਉੱਤੇ ਠੰਡੇ ਪਾਣੀ ਦੀਆਂ ਛਬੀਲਾਂ ਲੱਗੀਆਂ ਹੋਈਆਂ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ 'ਚ ਮੁੜ ਆਸਮਾਨੋਂ ਅੱਗ ਵਰ੍ਹਨ ਲੱਗੀ ਹੈ। ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਬਾਹਰ ਜਾਣ ਲਈ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਥੇ ਹੀ ਅਗਲੇ ਚਾਰ ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਤੇ ਅੱਠ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜੇਕਰ ਗੱਲ ਕਰੀਏ ਪਿਛਲੇ 24 ਘੰਟਿਆਂ ਦੇ ਤਾਪਮਾਨ ਦੀ ਤਾਂ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਅੱਜ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਤੇ ਨਾਲ ਹੀ ਹੀਟ ਵੇਵ ਵੀ ਚੱਲਣਗੀਆਂ। ਉਤਰੀ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਇਸ ਵੇਲੇ ਗਰਮੀ ਦਾ ਪਾਰਾ 48 ਤੋਂ 46 ਡਿਗਰੀ ਦੇ ਕੋਲ ਪਹੁੰਚ ਚੁੱਕਾ ਹੈ।