ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ ਚੰਡੀਗੜ੍ਹ ਤਬਦੀਲ (Fridkot reporter) ਫਰੀਦਕੋਟ:ਸਾਲ 2015 'ਚ ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਸਬੰਧੀ ਫਰੀਦਕੋਟ ਅਦਾਲਤ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਚਿੱਠੀ ਲਿਖੀ ਜਾ ਰਹੀ ਹੈ। ਜਿਸ 'ਚ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਸਬੰਧੀ ਸਥਿਤੀ ਸਪਸ਼ਟ ਕਰਨ ਬਾਰੇ ਹਾਈ ਕੋਰਟ ਤੋਂ ਰਾਏ ਲਈ ਜਾ ਰਹੀ ਹੈ ਅਤੇ ਹੋ ਸਕਦਾ ਹੈ। ਇਸ ਮਾਮਲੇ ਸਬੰਧੀ ਹੁਣ ਅਗਲੀ ਸੁਣਵਾਈ ਚੰਡੀਗੜ੍ਹ ਵਿਖੇ ਹੋਵੇ। ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਚਲਾਨ ਪਿਛਲੇ ਤਿੰਨ ਸਾਲ ਤੋਂ ਸੁਣਵਾਈ ਅਧੀਨ ਹੈ। ਕੁਝ ਸਮਾਂ ਪਹਿਲਾਂ ਅਦਾਲਤ ਨੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਹਿਬਲ ਗੋਲੀ ਕਾਂਡ ਦੀ ਫਾਈਲ ਚੰਡੀਗੜ੍ਹ ਭੇਜ ਦਿੱਤੀ ਸੀ ਅਤੇ ਹੁਣ ਕੋਟਕਪੂਰਾ ਗੋਲੀ ਕਾਂਡ ਦੀ ਫਾਈਲ ਚੰਡੀਗੜ੍ਹ ਭੇਜਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਉਥੇ ਹੀ ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਨੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ 29 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਉਦੋਂ ਤੱਕ ਇਸ ਮਾਮਲੇ ਨੂੰ ਚੰਡੀਗੜ੍ਹ ਭੇਜਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਕੋਟਕਪੁਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਸਮੇਤ ਕੁੱਲ ਸੱਤ ਮੁਲਜ਼ਮ ਨਾਮਜ਼ਦ ਹਨ।
ਮਾਮਲਾ ਚੰਡੀਗੜ੍ਹ ਰੈਫਰ ਕਰਨ ਲਈ ਲਿਖੀ ਚਿੱਠੀ:ਗੌਰਤਲਬ ਹੈ ਕਿ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਕੀਤੇ ਸਨ ਕਿ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਨਾਲੋਂ ਨਾਲ ਜਾਰੀ ਰੱਖੀ ਜਾਵੇ ਪਰ ਬੀਤੇ ਦਿਨੀਂ ਬਹਿਬਲ ਗੋਲੀਕਾਂਡ ਮਾਮਲੇ 'ਚ ਮੁਲਜ਼ਮ ਬਣਾਏ ਗਏ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਦਾਇਰ ਕੀਤੀ ਅਰਜ਼ੀ 'ਤੇ ਫੈਸਲਾ ਦਿੰਦੇ ਹੋਏ ਹਾਈਕੋਰਟ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਸਬੰਧੀ ਕੇਸ ਚੰਡੀਗੜ੍ਹ ਅਦਾਲਤ ਵਿੱਚ ਟਰਾਂਸਫਰ ਕੀਤਾ ਗਿਆ ਸੀ। ਉਥੇ ਹੀ ਹੁਣ ਫਰੀਦਕੋਟ ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਨੂੰ ਪਹਿਲਾਂ ਵਾਲੇ ਹੁਕਮਾਂ ਦੀ ਤਰਜ਼ 'ਤੇ ਚੰਡੀਗੜ੍ਹ ਟਰਾਂਸਫਰ ਕਰਨ ਜਾਂ ਇਹਨਾਂ ਮਾਮਲਿਆਂ ਦੀ ਸੁਣਵਾਈ ਫਰੀਦਕੋਟ ਅਦਾਲਤ ਵਿੱਚ ਹੀ ਕਰਨ ਬਾਰੇ ਸਥਿਤੀ ਸਪੱਸ਼ਟ ਕਰਨ ਬਾਰੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਚਿੱਠੀ ਲਿਖੀ ਜਾ ਰਹੀ ਹੈ।
ਰਾਮ ਰਹੀਮ ਦੇ ਮਾਮਲੇ ਨੂੰ ਵੀ ਚੰਡੀਗੜ੍ਹ ਕੀਤਾ ਗਿਆ ਤਬਦੀਲ : ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਲ 2015 'ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰਨਾਂ ਖਿਲਾਫ ਚੱਲ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਸੁਣਵਾਈ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤੀ ਸੀ। ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦਸਦੇ ਹੋਏ ਇਨ੍ਹਾਂ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕੇਸ ਨੂੰ ਸੁਣਵਾਈ ਲਈ ਪੰਜਾਬ ਤੋਂ ਬਾਹਰ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਰੋਸ ਪਰਦਰਸ਼ਨ ਦੌਰਾਨ ਬਹਿਬਲਕਲਾਂ ਵਿਖੇ ਗੋਲੀ ਕਾਂਡ 'ਚ ਇੱਕ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਦਰਜ ਮਾਮਲੇ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ। ਐਸਆਈਟੀ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਚਲਾਨ ਸਮੇਤ ਜੋ ਸਬੂਤ ਪੇਸ਼ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਗੋਲੀ ਪੁਲਿਸ ਵੱਲੋਂ ਨਹੀਂ ਸਗੋਂ ਕਿਸੇ ਹੋਰ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗਈ ਜਾਪਦੀ ਹੈ। ਇਸ ਤੱਥ ਨੇ ਇਸ ਮਾਮਲੇ ਵਿੱਚ ਨਵਾਂ ਮੋੜ ਲਿਆਂਦਾ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੌਰਾਨ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ।