ਚੰਡੀਗੜ੍ਹ:ਹਾਈਕੋਰਟ ਦੇ ਸੀਨੀਅਰ ਵਕੀਲ ਅਤੇ ਹਲਕਾ ਦਾਖਾ ਤੋਂ ਵਧਾਇਕ ਰਹਿ ਚੁੱਕੇ ਐਚ. ਐਸ. ਫੂਲਕਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਐਚ.ਐਸ. ਫੂਲਕਾ ਨੇ ਆਖਿਆ ਹੈ ਕਿ ਜਦੋਂ ਅਕਾਲੀ ਦਲ ਵਿੱਚ ਮੈਂਬਰਸ਼ਿਪ ਡਰਾਈਵ ਖੁਲੇਗੀ ਤਾਂ ਉਹ ਖੁਦ ਪਾਰਟੀ ਦੇ ਦਫ਼ਤਰ ਵਿੱਚ ਜਾਣਗੇ ਅਤੇ ਫਾਰਮ ਭਰ ਕੇ ਅਕਾਲੀ ਦਲ ਵਿਚ ਸ਼ਾਮਲ ਹੋਣਗੇ।
ਪੰਜਾਬ ਦੇ ਮੁੱਦਿਆਂ ਨੂੰ ਪਹਿਲ
ਐਚ.ਐਸ. ਫੂਲਕਾ ਨੇ ਕਿਹਾ ਹੈ ਕਿ ਕੇਂਦਰ ਦੀਆਂ ਪਾਰਟੀਆਂ ਦਾ ਧਿਆਨ ਜ਼ਿਆਦਾ ਕੇਂਦਰੀ ਮੁੱਦਿਆਂ ਉੱਤੇ ਹੀ ਰਹਿੰਦਾ ਹੈ। ਲਿਹਾਜ਼ਾ ਉਹ ਸੂਬੇ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੇ। ਪੰਜਾਬ ਨੂੰ ਅੱਜ ਸਥਾਨਕ ਪਾਰਟੀ ਦੀ ਲੋੜ ਹੈ, ਜੋ ਪੰਜਾਬ ਲਈ ਕੰਮ ਕਰੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇਵੇ। ਇਸ ਲਈ ਉਹ ਪੰਜਾਬ ਦੀ ਖੇਤਰੀ ਪਾਰਟੀ ਦਾ ਹਿੱਸਾ ਬਣਨਗੇ।
ਅਕਾਲੀ ਦਲ ਪਾਰਟੀ ਮਜ਼ਬੂਤ ਕਰਨ ਦੀ ਅਪੀਲ
ਐਚ.ਐਸ. ਫੂਲਕਾ ਨੇ ਕਿਹਾ ਕਿ ਮੈਂ ਇਹ ਫੈਸਲਾ ਲਿਆ ਹੈ ਕਿ ਜਦੋਂ ਅਕਾਲੀ ਦਲ ਵਿੱਚ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਵੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਬਾਇਕਦਾ ਫਾਰਮ ਭਰ ਕੇ ਅਕਾਲੀ ਦਲ ਦੈ ਮੈਂਬਰ ਬਣਾਂਗਾ। ਫੂਲਕਾ ਨੇ ਕਿਹਾ ਕਿ ਉਹ ਬਾਕੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਅਕਾਲੀ ਦਲ ਦੇ ਦਫ਼ਤਰ ਵਿੱਚ ਜਾ ਕੇ ਮੈਂਬਰਸ਼ਿਪ ਦੇ ਫਾਰਮ ਭਰਕੇ ਅਕਾਲੀ ਦਲ ਦੇ ਮੈਂਬਰ ਬਣੋ। ਜਿਸ ਤੋਂ ਬਾਅਦ ਬਕਾਇਦਾ ਡੈਲੀਗੇਟ ਚੁਣਿਆ ਜਾਵੇ। ਅਸੀਂ ਸਾਰੇ ਅਕਾਲੀ ਦਲ ਨੂੰ ਰੀਜ਼ਨ ਪਾਰਟੀ ਦੇ ਤੌਰ 'ਤੇ ਮਜ਼ਬੂਤ ਕਰੀਏ ਅਤੇ ਪਹਿਲਾਂ ਵਾਲੇ ਅਕਾਲੀ ਦਲ ਨੂੰ ਵਾਪਸ ਲੈ ਕੇ ਆਈਏ ਅਤੇ ਪਾਰਟੀ ਦੇ ਮੁੱਢਲੇ ਸਿਧਾਂਤਾਂ ਨੂੰ ਕਾਇਮ ਕਰੀਏ।
ਜਨਮ ਅਤੇ ਸਿੱਖਿਆ
ਹਰਵਿੰਦਰ ਸਿੰਘ ਫੂਲਕਾ ਦਾ ਜਨਮ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਕਸਬਾ ਭਦੌੜ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਨਾਤਕ ਦੀ ਡਿਗਰੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ ਜਦੋਂ ਕਿ ਐਲ ਐਲ ਬੀ ਲੁਧਿਆਣਾ ਤੋਂ ਕੀਤੀ ਹੈ। ਫੂਲਕਾ ਨੇ ਆਪਣੀ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਦਿੱਲੀ ਵਿੱਚ ਵਕਾਲਤ ਅਰੰਭ ਕਰ ਦਿੱਤੀ। ਉਹ ਪਿਛਲੇ 30 ਸਾਲਾਂ ਤੋਂ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮਾਂ ਦੇ ਖਿਲਾਫ ਮੁਕੱਦਮੇ ਲੜ ਰਹੇ ਹਨ।
ਸਿਆਸਤ 'ਚ ਐਂਟਰੀ ਅਤੇ ਅਸਤੀਫ਼ਾ
ਜਨਵਰੀ 2014 ਵਿੱਚ ਫੂਲਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ 2014 ਲੋਕ ਸਭਾ ਚੋਣ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਪਰ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਦਰਜ ਕੀਤੀ ਅਤੇ ਵਿਧਾਇਕ ਬਣੇ,ਮਗਰੋਂ ਉਹ ਆਮ ਆਦਮੀ ਪਾਰਟੀ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਥਾਪੇ ਗਏ ਪਰ ਬੇਅਦਬੀਆਂ ਦੇ ਮੁੱਦੇ ਵਿੱਚ ਇਨਸਾਫ਼ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਪਾਰਟੀ ਵਿੱਚ ਵਧੇ ਮੱਤਭੇਦ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ।