ਅੰਮ੍ਰਿਤਸਰ:ਗੁਰੂ ਨਗਰੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਰਾਮਦਾਸ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਗੁਆਟੇਮਾਲਾ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਡੰਕੀ ਲਗਾਕੇ ਅਮਰੀਕਾ ਜਾ ਰਿਹਾ ਸੀ। ਮੌਤ ਸਬੰਧੀ ਜਾਣਕਾਰੀ ਉਸ ਦੇ ਦੋਸਤਾਂ ਨੇ ਫੋਨ ਦੇ ਰਾਹੀਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਹੈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਸਦਮੇ ਵਿੱਚ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕੀ ਉਨ੍ਹਾਂ ਦੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ। ਇਸ ਮੌਕੇ ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ। ਮੰਤਰੀ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਗੁਰਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ।
ਗੁਆਟਾਮਾਲਾ ਜਾ ਕੇ ਹੋਈ ਮੌਤ
ਮ੍ਰਿਤਕ ਗੁਰਪ੍ਰੀਤ ਸਿੰਘ 6 ਭੈਣਾਂ ਦਾ ਭਰਾ ਸੀ ਅਤੇ ਤਿੰਨ ਮਹੀਨੇ ਪਹਿਲਾਂ ਹੀ ਘਰੋਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ "ਪਹਿਲਾਂ ਗੁਰਪ੍ਰੀਤ ਸਿੰਘ ਇੰਗਲੈਂਡ ਗਿਆ ਸੀ ਅਤੇ ਫਿਰ ਉਹ ਘਰ ਵਾਪਿਸ ਆ ਗਿਆ। ਘਰ ਆਕੇ ਉਹ ਕਹਿਣ ਲੱਗਾ ਕਿ ਉਸਨੇ ਹੁਣ ਅਮਰੀਕਾ ਹੀ ਜਾਣਾ ਹੈ। ਅਮਰੀਕਾ ਜਾਣ ਲਈ ਪਹਿਲਾਂ ਗੁਰਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੂੰ ਅਸੀਂ ਸਾਢੇ 16 ਲੱਖ ਰੁਪਏ ਦਿੱਤੇ ਸਨ ਫਿਰ ਉਨ੍ਹਾਂ ਗੁਰਪ੍ਰੀਤ ਸਿੰਘ ਨੂੰ ਗੁਆਨਾ ਤੱਕ ਪਹੁੰਚਾਇਆ। ਫਿਰ ਇਸ ਤੋਂ ਅੱਗੇ ਮੁਹੰਮਦ ਨਾਂ ਦੇ ਪਾਕਿਸਤਾਨੀ ਏਜੰਟ ਨਾਲ ਗੱਲ ਹੋਈ ਅਤੇ ਉਸਨੂੰ ਵੀ ਪੂਰੇ ਪੈਸੇ ਦੇ ਦਿੱਤੇ ਸਨ, ਪਰ ਰਾਸਤੇ ਵਿੱਚ ਗੁਰਪ੍ਰੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਗੁਆਟਾਮਾਲਾ ਜਾ ਕੇ ਉਸਦੀ ਮੌਤ ਹੋ ਗਈ।"