ਅੰਮ੍ਰਿਤਸਰ :ਪੂਰੇ ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਐਗਜਿਟ ਪੋਲ ਦੇ ਰਾਹੀਂ ਦਿਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸੇ 'ਤੇ ਹੀ ਹੁਣ ਅੰਮ੍ਰਿਤਸਰ ਤੋਂ ਮੌਜੂਦਾ ਸਾਂਸਦ ਅਤੇ ਲੋਕ ਸਭਾ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਗਈ ਹੈ। ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਜਿਨਾਂ ਲੋਕਾਂ ਨੇ ਬਹੁਤ ਵੱਡੇ ਫਾਇਦੇ ਭਾਰਤੀ ਜਨਤਾ ਪਾਰਟੀ ਤੋਂ ਲਏ ਹਨ, ਹੁਣ ਆਖਰੀ ਸਮੇਂ ਤੱਕ ਉਹਨਾਂ ਨੂੰ ਜਿੱਤ ਵਿਖਾਉਣ ਦੀ ਸੁਪਨੇ ਵੀ ਉਹ ਦਿਖਾ ਸਕਦੇ ਹਨ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਚਾਰ ਜੂਨ ਵਾਲੇ ਦਿਨ ਜੋ ਪੋਲ ਹਨ, ਉਸ ਤੋਂ ਅਲੱਗ ਹੀ ਨਤੀਜੇ ਲੋਕਾਂ ਨੂੰ ਨਜ਼ਰ ਆਉਣਗੇ। ਉਹਨਾਂ ਨੇ ਕਿਹਾ ਬਹੁਤਾਂਤ ਮੀਡੀਆ ਹਾਊਸ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਨਜ਼ਰ ਆ ਰਹੇ ਹਨ, ਪਰ ਨਤੀਜੇ ਇਸ ਤੋਂ ਇਸ ਤੋਂ ਬਿਲਕੁੱਲ ਵੱਖਰੇ ਹੋਣਗੇ।
ਬੀਤੇ ਦਿਨੀਂ ਪਈਆਂ ਵੋਟਾਂ ਤੋਂ ਬਾਅਦ ਲਗਾਤਾਰ ਹੀ ਸਾਰੇ ਟੀਵੀ ਚੈਨਲਾਂ ਵੱਲੋਂ ਇੱਕ ਵਾਰ ਫਿਰ ਤੋਂ ਬੀਜੇਪੀ ਦੇ ਹੱਕ ਦੇ ਵਿੱਚ ਸਰਵੇ ਦਿਖਾਏ ਜਾ ਰਹੇ ਹਨ। ਇਸੇ ਨੂੰ ਲੈ ਕੇ ਅੱਜ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੇ ਦਫਤਰ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਉਹ ਉਹ ਮੀਡੀਆ ਚੈਨਲ ਹਨ, ਜਿਨਾਂ ਨੇ ਬਹੁਤ ਸਾਰੇ ਫਾਇਦੇ ਬੀਜੇਪੀ ਦੀ ਸਰਕਾਰ ਦੇ ਸਮੇਂ ਲਏ ਹਨ ਅਤੇ ਉਹ ਕਦੀ ਵੀ ਨਹੀਂ ਚਾਹੁੰਣਗੇ ਕਿ ਉਹ ਆਖ਼ਰੀ ਸਮੇਂ ਤੱਕ ਬੀਜੇਪੀ ਨੂੰ ਹਾਰਦਾ ਹੋਇਆ ਵੇਖ ਲੈਣ। ਉਹਨਾਂ ਨੇ ਕਿਹਾ ਕਿ ਉਹ ਤਾਂ ਚਾਹੁੰਦੇ ਹੀ ਹਨ ਕਿ ਸਿਰਫ ਭਾਰਤੀ ਜਨਤਾ ਪਾਰਟੀ ਹੀ ਦੇਸ਼ ਵਿੱਚ ਰਾਜ ਕਰੇ। ਪਰ ਚਾਰ ਜੂਨ ਵਾਲੇ ਦਿਨ ਨਤੀਜੇ ਇਸ ਤੋਂ ਉਲਟ ਨਜ਼ਰ ਆਉਣਗੇ।
ਉਹਨਾਂ ਕਿਹਾ ਕਿ ਜੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਢੋਲ ਢਮੱਕਾ ਵਜਾ ਕੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦਾ ਇਜ਼ਹਾਰ ਨਾ ਕੀਤਾ ਜਾਵੇ। ਅਸੀਂ ਉਹਨਾਂ ਦੇ ਫੁਰਮਾਨ ਦਾ ਸਵਾਗਤ ਕਰਦੇ ਹਾਂ ਅਤੇ ਇੱਕ ਇਸ ਵਿੱਚ ਇਹ ਵੀ ਪਹਿਲੂ ਹੈ ਕਿ ਜੇਕਰ ਕੋਈ ਗੈਰ ਸਿੱਖ ਜਿਸਦੇ ਮਨ ਦੇ ਵਿੱਚ ਖੁਸ਼ੀ ਹੈ, ਉਹ ਤਾਂ ਢੋਲ ਵਜਾ ਕੇ ਕਿਸੇ ਜਗ੍ਹਾ 'ਤੇ ਵੀ ਪਹੁੰਚ ਸਕਦੇ ਹਨ। ਉਹਨਾਂ ਕਿਹਾ ਕਿ ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਦਿਨ ਨੂੰ ਖੁਸ਼ੀ ਦਿਨ ਵਿੱਚ ਨਾ ਮਨਾ ਸਕਾਂ ਅਤੇ ਗੁਰੂ ਘਰ ਵਿੱਚ ਅਰਦਾਸ ਕਰਕੇ ਆਪਣੀ ਜਿੱਤ ਦਾ ਸ਼ੁਕਰਾਨਾ ਅਦਾ ਕਰਾਂ।
ਦੱਸਣ ਯੋਗ ਹੈ ਕਿ ਜੂਨ 1984 ਦਾ ਘੱਲੂਘਾਰਾ ਸਿੱਖ ਪੰਥ ਲਈ ਬਹੁਤ ਅਸਹਿ ਤੇ ਅਕਹਿ ਹੈ। ਤੀਸਰਾ ਘੱਲੂਘਾਰਾ ਜੂਨ 1984 ਦਾ ਜੋ ਕੌਮ ਨੇ ਆਪਣੇ ਪਿੰਡੇ ‘ਤੇ ਹੰਢਾਇਆ ਨਾ ਬਰਦਾਸ਼ਤ ਤੇ ਨਾ ਭੁੱਲਣਯੋਗ ਹੈ। ਜੂਨ 1984 ਨੂੰ ਉਸ ਸਮੇਂ ਦੀ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਸਿੱਖਾਂ ਦੀ ਆਜ਼ਾਦ ਪ੍ਰਭੁਸੱਤਾ ਦਾ ਪ੍ਰਤੀਕ ਹੈ, ‘ਤੇ ਹਮਲਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ‘ਤੇ ਗੋਲੀਆਂ ਚਲਾਈਆਂ। ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਬੁਰੀ ਤਰ੍ਹਾਂ ਗੋਲੀਆਂ ਨਾਲ ਭੁੰਨਿਆਂ ਗਿਆ। ਇਹ ਇਕ ਕਿਸਮ ਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਸ ਤਰ੍ਹਾਂ ਦਾ ਹਮਲਾ ਸੀ ਜਦੋਂ ਇਕ ਮੁਲਕ ਦੂਸਰੇ ਮੁਲਕ ‘ਤੇ ਹਮਲਾ ਕਰਦਾ ਹੈ। ਇਸ ਵਾਸਤੇ ਭਾਰਤੀ ਫੌਜਾਂ ਨੇ ਬਹੁਤ ਕਰੂਰਤਾ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮਨਾਉਣ ਆਈ ਸਿੱਖ ਸੰਗਤ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਅਤੇ ਸਿੱਖ ਸੰਗਤਾਂ ਨੇ ਜਿਹੜੀ ਉਸ ਵਕਤ ਆਪਣੇ ਪਿੰਡੇ ‘ਤੇ ਹੱਡੀਂ ਪੀੜਾ ਹੰਢਾਈ ਉਸ ਨੂੰ ਹਰ ਸਾਲ ਯਾਦ ਕਰਦੇ ਹਾਂ।
ਇਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਬਿਆਨ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਵੱਲੋਂ ਤਾਂ ਇਸ ਦੀ ਹਮਾਇਤ ਕੀਤੀ ਜਾ ਰਹੀ ਹੈ, ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਗੈਰ ਸਿੰਖ ਵਿਅਕਤੀ ਦੇ ਮਨ ਦੇ ਵਿੱਚ ਖੁਸ਼ੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਤੁਸੀਂ ਰੋਕ ਨਹੀਂ ਸਕਦੇ ਹੋ। ਉਥੇ ਹੀ ਉਹਨਾਂ ਵੱਲੋਂ ਇਗਜਿਟ ਪੋਲ ਤੇ ਵੀ ਬੋਲਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਜੋ ਮੀਡੀਆ ਹਾਊਸਸ ਵੱਲੋਂ ਦਿਖਾਏ ਜਾ ਰਹੇ ਹਨ, ਉਸ ਤੋਂ ਉਲਟ ਨਜ਼ਰ ਆਉਣਗੇ। ਹੁਣ ਵੇਖਣਾ ਹੋਵੇਗਾ ਕਿ ਚਾਰ ਜੂਨ ਵਾਲੇ ਦਿਨ ਕਿ ਐਗਜਿਟ ਪੋਲ ਠੀਕ ਨਜ਼ਰ ਆਉਂਦਾ ਹੈ ਜਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਦਿੱਤਾ ਗਿਆ ਬਿਆਨ ਸਹੀ ਨਜ਼ਰ ਆਉਂਦਾ ਹੈ ਇਹ ਤਾਂ ਆਉਣ ਵਾਲੀ ਚਾਰ ਜੂਨ ਵਾਲੇ ਦਿਨ ਵੀ ਪਤਾ ਲੱਗੇਗਾ।