ਪੰਜਾਬ

punjab

ETV Bharat / state

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਲਖਬੀਰ ਲੰਡਾ ਦੇ 2 ਗੁਰਗੇ ਗ੍ਰਿਫ਼ਤਾਰ - FIRING BETWEEN GANGSTERS AND POLICE

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਪੁਲਿਸ ਨੇ 2 ਮੁਲਜ਼ਮ ਗ੍ਰਿਫ਼ਤਾਰ ਕਰ ਲਏ।

Gunfight between police and gangsters in Tarn Taran
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ (Etv Bharat)

By ETV Bharat Punjabi Team

Published : Jan 30, 2025, 8:35 PM IST

ਤਰਨਤਾਰਨ: ਜ਼ਿਲ੍ਹੇ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਕਰਾਸ ਫਾਇਰਿੰਗ ਦੌਰਾਨ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਜ਼ਖ਼ਮੀ ਹੋਇਆ ਹੈ, ਜਿਸ ਦੇ ਗੋਡੇ ਉੱਤੇ ਸੱਟ ਲੱਗੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਹੈਂਡ ਗਰਨੇਡ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗਰੋਹ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੀਆਂ ਹਦਾਇਤਾਂ 'ਤੇ ਕੰਮ ਕਰ ਰਿਹਾ ਸੀ।

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ (Etv Bharat)

ਮੁਲਜ਼ਮਾਂ ਨੇ ਭੱਜਣ ਦੀ ਕੀਤੀ ਕੋਸ਼ਿਸ਼

ਪੁਲਿਸ ਅਧਿਕਾਰੀ ਨੇ ਦੱਸਿਆ ਕਿ "ਉਨ੍ਹਾਂ ਵੱਲੋਂ ਪਿੰਡ ਸਹਾਵਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਇੱਕ ਹੋਂਡਾ ਸਿਟੀ ਕਾਰ ਨੂੰ ਇਸ਼ਾਰਾ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਕਤ ਬਦਮਾਸ਼ਾਂ ਨੇ ਗੱਡੀ ਭਜਾ ਲਈ ਤੇ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਪਿੰਡ ਸੁਹਾਵਾ ਦੇ ਨਜ਼ਦੀਕ ਇਹ ਗੱਡੀ ਖੇਤਾਂ ਵਿੱਚ ਉਤਰ ਗਈ ਅਤੇ ਇਸ ਦੌਰਾਨ ਗੱਡੀ ਵਿੱਚ ਬੈਠੇ ਦੋਵੇਂ ਬਦਮਾਸ਼ ਭੱਜਣ ਲੱਗੇ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਦੋਵਾਂ ਬਦਮਾਸ਼ਾਂ ਨੇ ਪੁਲਿਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦੀ ਗੋਲੀ ਲੱਗਣ ਕਾਰਨ ਇੱਕ ਗੈਂਗਸਟਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਦੂਜੇ ਨੂੰ ਪੁਲਿਸ ਨੇ ਕਾਬੂ ਕਰ ਲਿਆ।"

ਡੀਜੀਪੀ ਨੇ ਦਿੱਤੀ ਜਾਣਕਾਰੀ

ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਬਿਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਜੋਂ ਹੋਈ ਹੈ। ਜਾਣਕਾਰੀ ਸਾਂਝੀ ਕਰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ"ਜਦੋਂ ਪੁਲਿਸ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ 'ਤੇ ਹਮਲਾ ਕਰ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ। ਜ਼ਖ਼ਮੀ ਹਮਲਾਵਰਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 2 ਗ੍ਰਨੇਡ, 1 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।"

ਵਿਦੇਸ਼ ਤੋਂ ਚੱਲ ਰਿਹਾ ਸੀ ਨੈੱਟਵਰਕ

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਗੁਰਦੇਵ ਸਿੰਘ ਉਰਫ਼ ਜੱਸਲ ਝਬਾਲ (ਅਮਰੀਕਾ), ਲਖਬੀਰ ਸਿੰਘ ਉਰਫ਼ ਲੰਡਾ, ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ (ਕੈਨੇਡਾ) ਦੀਆਂ ਹਦਾਇਤਾਂ ’ਤੇ ਕੰਮ ਕਰਦੇ ਸਨ। ਇਹ ਮੁਲਜ਼ਮ ਪੰਜਾਬ ਵਿੱਚ ਦੋ ਵੱਡੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਦੇ ਲਈ ਦੋਸ਼ੀਆਂ ਨੂੰ ਪਿਸਤੌਲ ਅਤੇ ਹੈਂਡ ਗਰਨੇਡ ਮੁਹੱਈਆ ਕਰਵਾਏ ਗਏ ਹਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

ਤਰਨਤਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਹੁਣ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਪਿੱਛੇ ਕੌਣ-ਕੌਣ ਲੋਕ ਹਨ। ਨਾਲ ਹੀ, ਇਸ ਮਾਡਿਊਲ ਦੇ ਪੁਰਾਣੇ ਅਤੇ ਭਵਿੱਖ ਦੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details