ਫਾਜ਼ਿਲਕਾ: ਰਿਸ਼ਤਿਆਂ ਦੇ ਕਤਲ ਹੁਣ ਆਮ ਹੁੰਦੇ ਜਾ ਰਹੇ ਹਨ। ਕਿਤੇ ਜ਼ਮੀਨ ਪਿੱਛੇ ਭਰਾ ਵਲੋਂ ਭਰਾ ਦਾ, ਪੁੱਤ ਵਲੋਂ ਪਿਓ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਥੇ ਹੀ ਇੱਕ ਅਜਿਹਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ, ਜਿਥੇ ਪੋਤਿਆਂ ਨੇ ਜ਼ਮੀਨ ਪਿੱਛੇ ਆਪਣੀ ਹੀ ਦਾਦੀ ਦਾ ਕਤਲ ਕਰ ਦਿੱਤਾ ਗਿਆ। ਦਰਅਸਲ ਕੁਝ ਦਿਨ ਪਹਿਲਾਂ ਫਾਜ਼ਿਲਕਾ ਦੇ ਪਿੰਡ ਆਲਮ ਸ਼ਾਹ ਵਿੱਚ ਇੱਕ 80 ਸਾਲਾ ਬਜ਼ੁਰਗ ਔਰਤ ਦਾ ਕਤਲ ਹੋਇਆ ਸੀ, ਜਿਸ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਬਜ਼ੁਰਗ ਮਹਿਲਾ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਜ਼ਮੀਨ ਪਿੱਛੇ ਉਸ ਦੇ ਹੀ ਪੋਤਿਆਂ ਵਲੋਂ ਕੀਤਾ ਗਿਆ ਸੀ।
ਬਜ਼ੁਰਗ ਔਰਤ ਦਾ ਕਤਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਆਲਮ ਸ਼ਾਹ ਵਿਖੇ ਬੀਤੇ ਦੋ ਦਿਨ ਪਹਿਲਾਂ ਇੱਕ 80 ਸਾਲਾਂ ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਕਤਲ ਕਰਨ ਵਾਲੇ ਵਿਅਕਤੀ ਵੱਲੋਂ ਬਜ਼ੁਰਗ ਔਰਤ ਦਾ ਕਤਲ ਕਰਕੇ ਉਸ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਪੁਲਿਸ ਨੂੰ ਚੋਰੀ ਦਾ ਮਾਮਲਾ ਲੱਗਿਆ ਪਰ ਜਦੋਂ ਮਾਮਲੇ ਨੂੰ ਗੰਭੀਰ ਦੇਖਦਿਆਂ ਹੋਇਆਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਗਈ ਤਾਂ ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਕੀਤੀ ਗਈ ਜਾਂਚ ਵਿੱਚ ਮ੍ਰਿਤਕ ਔਰਤ ਦੇ ਤਿੰਨ ਪੋਤਰਿਆਂ ਨੂੰ ਹੀ ਉਸਦਾ ਕਾਤਲ ਪਾਇਆ ਗਿਆ।