ਚੰਡੀਗੜ੍ਹ: ਮਾਡਰਨ ਜੇਲ੍ਹ ਬੁੜੈਲ ਵਿੱਚ ਬੰਦ ਕਥਿਤ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਬਦਮਾਸ਼ਾਂ ’ਤੇ ਇੱਕੋ ਸਮੇਂ ਦੋ ਦਰਜਨ ਤੋਂ ਵੱਧ ਕੈਦੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਪਣੇ ਹਥਿਆਰਾਂ ਵਜੋਂ ਚਮਚੇ, ਕਟੋਰੇ, ਗਲਾਸ ਅਤੇ ਪਲੇਟਾਂ ਵਰਗੇ ਭਾਂਡਿਆਂ ਦੀ ਵਰਤੋਂ ਕੀਤੀ। ਹਮਲੇ ਵਿੱਚ ਗੋਲਡੀ ਬਰਾੜ ਦੇ ਖਾਸਮਖਾਸ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ ਸਮੇਤ ਚਾਰ ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸੈਕਟਰ-32 ਦੇ ਜੀਐਮਸੀਐਚ ਹਸਪਤਾਲ ਲਿਜਾਇਆ ਗਿਆ।
ਜ਼ਮਖ਼ਮੀਆਂ ਦੀ ਹੋਈ ਪਛਾਣ:ਜ਼ਖ਼ਮੀ ਕੈਦੀਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਗੁਰਜਰ ਤੋਂ ਇਲਾਵਾ ਕੌਸ਼ਲ ਸਿੰਘ ਉਰਫ਼ ਹੈਰੀ, ਮੌਂਟੀ ਸ਼ਾਹ ਅਤੇ ਰਾਜਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੌਂਟੀ ਸ਼ਾਹ ਬਚਾਅ ਲਈ ਆਇਆ ਪਰ ਉਹ ਵੀ ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ। ਸੈਕਟਰ-49 ਥਾਣੇ ਦੀ ਪੁਲਿਸ ਨੇ ਜ਼ਖ਼ਮੀ ਅੰਮ੍ਰਿਤਪਾਲ ਗੁੱਜਰ ਦੇ ਬਿਆਨਾਂ ’ਤੇ ਹਮਲਾਵਰ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਕੈਦੀਆਂ ਵਿੱਚ ਅਭਿਲਾਸ਼, ਸੋਨੂੰ, ਰਾਹੁਲ, ਮਨੀਸ਼, ਅਮਨ ਉਰਫ਼ ਕੱਲੂ, ਸੁਸ਼ੀਲ ਯਾਦਵ, ਅਮਿਤ ਕੁਮਾਰ ਅਤੇ ਫ਼ੌਜੀ ਸਮੇਤ ਹੋਰ ਕਈ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਦੀਆਂ ਵਿਚਾਲੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਫਿਰ ਰਾਤ ਦੇ ਖਾਣੇ ਦੌਰਾਨ ਇੱਕ ਦੂਜੇ ਨਾਲ ਝੜਪ ਹੋ ਗਈ।
ਚੰਡੀਗੜ੍ਹ ਦੇ ਇਕ ਵਪਾਰੀ ਤੋਂ ਮੰਗੀ ਸੀ ਫਿਰੌਤੀ: ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਉਸ ਦੇ ਸਰਗਨਾ ਅੰਮ੍ਰਿਤਪਾਲ ਉਰਫ ਗੁੱਜਰ ਅਤੇ ਉਸ ਦੇ ਹੋਰ ਸਾਥੀਆਂ ਨੇ ਚੰਡੀਗੜ੍ਹ ਸੈਕਟਰ-5 ਸਥਿਤ ਇਕ ਵਪਾਰੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਗੋਲਡੀ ਬਰਾੜ ਨੇ ਕਾਰੋਬਾਰੀ ਤੋਂ ਫਿਰੌਤੀ ਮੰਗੀ ਪਰ ਜਦੋਂ ਫਿਰੌਤੀ ਨਹੀਂ ਦਿੱਤੀ ਗਈ ਤਾਂ ਗੈਂਗਸਟਰ ਗੋਲਡੀ ਬਰਾੜ ਦੇ ਕਹਿਣ 'ਤੇ ਅੰਮ੍ਰਿਤਪਾਲ ਸਿੰਘ ਗੁੱਜਰ ਅਤੇ ਉਸ ਦੇ ਸਾਥੀਆਂ ਨੇ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਸੈਕਟਰ 3 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਗੁੱਜਰ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਜਨਵਰੀ 2024 ਤੋਂ ਬੁੜੈਲ ਜੇਲ੍ਹ ਵਿੱਚ ਬੰਦ ਹੈ।