ਲੁਧਿਆਣਾ:ਪੰਜਾਬ ਵਿੱਚ ਜਲਦ ਹੀ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਲਗਭਗ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ, ਅਤੇ ਜ਼ਿਆਦਾਤਰ ਪਾਰਟੀਆਂ ਵਲੋਂ ਆਪਣੇ ਪੁਰਾਣੇ ਉਮੀਦਵਾਰਾਂ ਉੱਤੇ ਚੋਣਾਂ ਲਈ ਦਾਅ ਖੇਡਿਆ ਗਿਆ ਹੈ। ਪਾਰਟੀਆਂ ਵਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇੱਥੇ ਦੱਸ ਦਈਏ ਕਿ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣ ਲਈ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ।
ਪਹਿਲੀ ਵਾਰ ਆਪ ਨੇ ਦਿੱਤਾ ਮੌਕਾ:ਆਮ ਆਦਮੀ ਪਾਰਟੀ ਨੇ ਅਸ਼ੋਕ ਪਰਾਸ਼ਰ ਪੱਪੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਹੈ। ਜੇਕਰ ਅਸ਼ੋਕ ਪੱਪੀ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦਾ ਜਨਮ 28 ਨਵੰਬਰ 1964 ਦੇ ਵਿੱਚ ਹੋਇਆ ਸੀ। ਉਨ੍ਹਾਂ ਦੀ ਉਮਰ ਲਗਭਗ 60 ਸਾਲ ਦੇ ਕਰੀਬ ਹੈ। ਸਾਲ 2022 ਵਿੱਚ ਪਹਿਲੀ ਵਾਰ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ, ਜਦੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 2022 ਲਈ ਲੁਧਿਆਣਾ ਕੇਂਦਰੀ ਤੋਂ ਟਿਕਟ ਦਿੱਤੀ ਗਈ ਸੀ। ਅਸ਼ੋਕ ਪੱਪੀ ਨੇ ਲੁਧਿਆਣਾ ਕੇਂਦਰੀ ਤੋਂ ਭਾਜਪਾ ਦੇ ਗੁਰਦੇਵ ਸ਼ਰਮਾ ਦੇਬੀ ਅਤੇ ਨਾਲ ਹੀ ਕਾਂਗਰਸ ਦੇ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੀਨੀਅਰ ਲੀਡਰ ਸੁਰਿੰਦਰ ਡਾਵਰ ਨੂੰ ਮਾਤ (AAP Candidate Ashok Parashar Political Profile) ਦਿੱਤੀ ਸੀ।