ਰੂਪਨਗਰ: ਇੱਕ ਪਾਸੇ ਜਿਥੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੀ ਮਾਨ ਸਰਕਾਰ ਵਲੋਂ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਉਥੇ ਹੀ ਦੂਜੇ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ 'ਤੇ ਸ਼ਬਦੀ ਨਿਸ਼ਾਨੇ ਸਾਧਦੇ ਹੋਏ, ਸਰਕਾਰ ਦੀ ਇਸ ਕਾਰਗੁਜ਼ਾਰੀ 'ਤੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਮੌਕੇ ਜਿੱਥੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਦੱਸੀਆਂ ਤਾਂ ਇਸ ਮੌਜੂਦਾ ਸਰਕਾਰ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਈ ਖਾਮੀਆਂ ਕੱਢ ਦਿੱਤੀਆਂ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਥਰਮਲ ਪਲਾਂਟ ਦੀ ਖਰੀਦ ਨੂੰ ਲੈਕੇ ਵੀ ਸਵਾਲ ਖੜੇ ਕੀਤੇ ਹਨ।
ਚੰਨੀ ਨੇ ਦੱਸਿਆ ਕਬਾੜ ਦਾ ਵਪਾਰੀ: ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਿੱਜੀ ਥਰਮਲ ਪਲਾਂਟ ਜੋ ਲੱਗਭਗ ਬੰਦ ਹੋਣ ਕਿਨਾਰੇ ਸੀ, ਉਸ ਨੂੰ ਖਰੀਦ ਕੇ ਲੋਕਾਂ ਨੂੰ ਸਸਤੇ ਭਾਅ ਦੀ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮਾਨ ਸਰਕਾਰ ਨੂੰ ਕਬਾੜ ਦਾ ਵਪਾਰੀ ਦੱਸਿਆ ਹੈ। ਇਸ ਨੂੰ ਲੈਕੇ ਬੋਲਦਿਆਂ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਿਸ ਥਰਮਲ ਪਲਾਂਟ ਦੀ ਮਸ਼ਿਨਰੀ ਹੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਸੀ, ਉਸ ਨੂੰ ਖਰੀਦ ਕੇ ਸਰਕਾਰ ਨੇ ਮਰਿਆ ਹੋਇਆ ਸੱਪ ਆਪਣੇ ਗਲ ਪਾਇਆ ਹੈ। ਇਸ ਦੇ ਨਾਲ ਹੀ ਚਰਨਜੀਤ ਚੰਨੀ ਨੇ ਤੰਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਕਿ ਸਰਕਾਰ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਬਾੜ ਦਾ ਕੰਮ ਕਰਦੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਕਬਾੜ ਹੋਇਆ ਥਰਮਲ ਪਲਾਂਟ ਖਰੀਦ ਕੇ ਪੰਜਾਬ ਨੂੰ ਆਰਥਿਕ ਬੋਝ ਵੱਲ ਧੱਕਿਆ ਹੈ।