ਚੰਡੀਗੜ੍ਹ :ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭ ਚੋਣਾਂ ਨੂੰ ਲੈਕੇ ਜਿੱਥੇ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ ਤਾਂ ਉਥੇ ਹੀ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ। ਖ਼ਾਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਭਾਜਪਾ 'ਚ ਸ਼ਾਮਿਲ ਹੋਣਾ ਅਤੇ ਕਾਂਗਰਸ ਦੇ ਲੁਧਿਆਣਾ ਐਮ ਪੀ ਰਵਨੀਤ ਬਿੱਟੂ ਦਾ ਪਾਰਟੀ ਛੱਡ ਕੇ ਭਾਜਪਾ 'ਚ ਜਾਣਾ ਬੇਹੱਦ ਚਰਚਾ ਵਿੱਚ ਰਿਹਾ , ਤਾਂ ਉਥੇ ਹੀ ਹੁਣ ਆਪ ਦੇ ਪਟਿਆਲਾ ਤੋਂ ਸਾਬਕਾ ਸਾਂਸਦ ਧਰਮਵੀਰ ਗਾਂਧੀ ਵੀ ਨਵੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਧਰਮਵੀਰ ਗਾਂਧੀ ਨੇ ਅੱਜ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਉਨ੍ਹਾਂ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਆਪਣੀ ਨੌਵੀਂ ਪੰਜਾਬ ਪਾਰਟੀ ਨੂੰ ਕਾਂਗਰਸ ਵਿੱਚ ਰਲੇਵਾਂ ਕਰ ਲਿਆ ਹੈ।
ਸਾਲ 2016 'ਚ ਹੀ 'ਆਪ' ਤੋਂ ਦੂਰੀ ਬਣਾ ਲਈ : ਦਿਲ ਦੇ ਮਾਹਿਰ ਡਾਕਟਰ ਧਰਮਵੀਰ ਗਾਂਧੀ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। 2014 'ਚ ਪਟਿਆਲਾ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਧਰਮਵੀਰ ਗਾਂਧੀ ਦਾ ਪਾਰਟੀ ਤੋਂ ਮੋਹ ਭੰਗ ਹੋ ਗਿਆ ਅਤੇ ਪਾਰਟੀ ਤੋਂ ਦੂਰੀ ਬਣਾ ਲਈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਧਰਮਵੀਰ ਗਾਂਧੀ ਨੂੰ 3,65,671 ਅਤੇ ਪ੍ਰਨੀਤ ਕੌਰ ਨੂੰ 3,44,729 ਵੋਟਾਂ ਮਿਲੀਆਂ। ਉਹ 20,942 ਵੋਟਾਂ ਨਾਲ ਜਿੱਤੇ ਸਨ।
2019 ਵਿੱਚ ਆਪਣੀ ਵੱਖਰੀ ਪਾਰਟੀ ਬਣਾਈ:ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਧਰਮਵੀਰ ਗਾਂਧੀ ਨੇ ਆਪਣੀ ਵੱਖਰੀ ਪਾਰਟੀ ਬਣਾਈ ਸੀ। ਇਸ ਪਾਰਟੀ ਦਾ ਨਾਂ ਨਵਾਂ ਪੰਜਾਬ ਰੱਖਿਆ ਗਿਆ। ਉਹ ਇਨ੍ਹਾਂ ਚੋਣਾਂ ਵਿੱਚ ਤੀਜੇ ਨੰਬਰ ’ਤੇ ਰਹੇ। ਧਰਮਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਪਾਰਟੀ ਵੀ ਕਾਂਗਰਸ ਵਿੱਚ ਰਲੇਗੀ।
ਕਾਂਗਰਸ ਪਟਿਆਲਾ ਤੋਂ ਉਮੀਦਵਾਰ ਉਤਾਰ ਸਕਦੀ ਹੈ:ਡਾ: ਗਾਂਧੀ ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਸ਼ਾਹੀ ਪਰਿਵਾਰ ਤੋਂ ਬਿਨਾਂ ਵੀ ਪਾਰਟੀ ਨੂੰ ਪਟਿਆਲਾ ਵਿੱਚ ਮਜ਼ਬੂਤ ਆਧਾਰ ਮਿਲੇਗਾ। ਕਾਂਗਰਸ ਨੂੰ ਪਟਿਆਲਾ ਸੀਟ ਲਈ ਪ੍ਰਭਾਵਸ਼ਾਲੀ ਚਿਹਰੇ ਦੀ ਤਲਾਸ਼ ਸੀ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਰ ਹੁਣ ਧਰਮਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪਟਿਆਲਾ ਵਿੱਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਕਾਂਗਰਸ ਉਨ੍ਹਾਂ ਨੂੰ ਪਟਿਆਲਾ ਤੋਂ ਟਿਕਟ ਦੇ ਸਕਦੀ ਹੈ। ਧਰਮਵੀਰ ਗਾਂਧੀ ਪਟਿਆਲਾ ਦਾ ਵਸਨੀਕ ਹੈ ਅਤੇ ਇਸ ਇਲਾਕੇ ਵਿੱਚ ਉਸ ਦੀ ਚੰਗੀ ਪਕੜ ਹੈ।ਸੀ। ਡਾ: ਗਾਂਧੀ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਵਿਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰਹ ਪ੍ਰਨੀਤ ਕੌਰ ਨੂੰ ਹਰਾਇਆ ਸੀ।