ਬਠਿੰਡਾ: ਗਿੱਦੜਬਾਹਾ ਦੇ ਰਹਿਣ ਵਾਲੇ ਹਰਜੀਤ ਸਿੰਘ ਹੈਰੀ ਅਤੇ ਉਸ ਦੀ ਪਤਨੀ ਸਤਵੀਰ ਕੌਰ ਵੱਲੋਂ, ਜਿੱਥੇ ਕੁਦਰਤੀ ਜੀਵਾਂ ਨੂੰ ਬਚਾਉਣ ਲਈ ਆਪਣੀ ਛੱਤ ਉੱਪਰ ਬਕਾਇਦਾ ਪੰਛੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਹੀ, ਹਰ ਰੋਜ਼ ਇਨ੍ਹਾਂ ਦੇ ਖਾਣੇ ਅਤੇ ਪੀਣੇ ਦਾ ਪ੍ਰਬੰਧ ਕੀਤਾ ਗਿਆ ਹੈ। ਹਰਜੀਤ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਨੁੱਖ ਵੱਲੋਂ ਲਗਾਤਾਰ ਆਪਣੇ ਨਿੱਜੀ ਹਿੱਤਾਂ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਪਰ ਇਹ ਨਹੀਂ ਸੋਚਿਆ ਜਾ ਰਿਹਾ ਕਿ ਇਨ੍ਹਾਂ ਦਰਖਤਾਂ ਉੱਤੇ ਪੰਛੀਆਂ ਦਾ ਬਸੇਰਾ ਹੈ।
ਸਵੇਰੇ 6 ਵਜੇ ਤੋਂ ਪੰਛੀਆਂ ਨਾਲ ਦਿਨ ਦੀ ਸ਼ੁਰੂਆਤ: ਹਰਜੀਤ ਸਿੰਘ ਹੈਰੀ ਨੇ ਕਿਹਾ ਕਿ ਆਏ ਦਿਨ ਦਰਖਤਾਂ ਦੀ ਗਿਣਤੀ ਘੱਟ ਰਹੀ ਹੈ ਜਿਸ ਕਾਰਨ ਪੰਛੀਆਂ ਦੀਆਂ ਵੱਖ ਵੱਖ ਪ੍ਰਜਾਤੀਆਂ ਲਗਾਤਾਰ ਲੁਪਤ ਹੋ ਰਹੀਆਂ ਹਨ। ਹੈਰੀ ਨੇ ਆਪਣੀ ਪਤਨੀ ਨਾਲ ਇਨ੍ਹਾਂ ਪੰਛੀਆਂ ਦੀ ਦੇਖਭਾਲ ਲਈ ਰੋਜ਼ਾਨਾ ਆਪਣੀ ਛੱਤ ਉੱਪਰ ਖਾਣ ਪੀਣ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ ਸਾਡੇ 6 ਵਜੇ ਦੋਵੇਂ ਪਤੀ ਪਤਨੀ ਭਾਵੇਂ ਆਪ ਚਾਹ ਨਾ ਪੀਣ, ਪਰ ਉਹ ਇਨ੍ਹਾਂ ਪੰਛੀਆਂ ਲਈ ਰੋਜ਼ਾਨਾ ਚੋਗਾ ਪਾਉਂਦੇ ਹਨ। ਇਸ ਦੇ ਨਾਲ ਹੀ, ਪੀਣ ਦੇ ਪਾਣੀ ਦਾ ਵੀ ਪ੍ਰਬੰਧ ਕਰਦੇ ਹਨ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪੰਛੀ, ਉਨ੍ਹਾਂ ਨੂੰ ਬਿਮਾਰ ਨਜ਼ਰ ਆਉਂਦਾ ਹੈ, ਤਾਂ ਉਹ ਉਸ ਦਾ ਇਲਾਜ ਆਪ ਜਾਂ ਡਾਕਟਰ ਤੋਂ ਵੀ ਕਰਵਾਉਂਦੇ ਹਨ।
ਕਈ ਰਿਸ਼ਤੇਦਾਰ ਵੀ ਨਾਰਾਜ਼:ਹਰਜੀਤ ਸਿੰਘ ਦੀ ਪਤਨੀ ਸਤਵੀਰ ਕੌਰ ਦਾ ਕਹਿਣਾ ਹੈ ਕਿ ਉਨਾਂ ਨੂੰ ਕੁਦਰਤ ਨਾਲ ਪਿਆਰ ਹੈ। ਇਸੇ ਪਿਆਰ ਦੇ ਚੱਲਦਿਆਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਨਾਰਾਜ਼ ਹਨ, ਕਿਉਂਕਿ ਉਹ ਇਨ੍ਹਾਂ ਪੰਛੀਆਂ ਨੂੰ ਇੱਕ ਦਿਨ ਵੀ ਇਕੱਲਿਆਂ ਨਹੀਂ ਛੱਡਣਾ ਚਾਹੁੰਦੇ, ਜਿੰਨਾ ਸਮਾਂ ਹੋ ਸਕੇ, ਉਹ ਇਨ੍ਹਾਂ ਪੰਛੀਆਂ ਦੇ ਖਾਣ ਅਤੇ ਪੀਣ ਦਾ ਪ੍ਰਬੰਧ ਨਹੀਂ ਕਰਦੇ, ਉਨ੍ਹਾਂ ਨੂੰ ਸਕੂਨ ਨਹੀਂ ਮਿਲਦਾ। ਹੁਣ ਉਨ੍ਹਾਂ ਵੱਲੋਂ ਮੌਸਮ ਦੇ ਬਦਲਦੇ ਹੋਏ ਪ੍ਰਭਾਵਾਂ ਨੂੰ ਵੇਖਦੇ ਹੋਏ ਆਲ੍ਹਣਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਹੀ ਆਲ੍ਹਣੇ ਲਗਾਏ ਜਾ ਰਹੇ ਹਨ।
ਪੰਛੀ ਵੀ ਮਨੁੱਖੀ ਜੀਵਨ ਦਾ ਹਿੱਸਾ: ਹਰਜੀਤ ਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਕਾਰਜ ਨੂੰ ਵੇਖਦੇ ਹੋਏ ਮੁਹੱਲੇ ਦੇ ਹੋਰ ਲੋਕਾਂ ਵੱਲੋਂ ਵੀ ਆਪਣੀ ਛੱਤ ਉੱਪਰ ਪੰਛੀਆਂ ਦੇ ਖਾਣ ਪੀਣ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਣ ਲੱਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਸੇਵਾ ਵਿੱਚ ਸਫਲ ਹੋ ਰਹੇ ਹਨ, ਕਿਉਂਕਿ ਜਿੰਨੀ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੀ ਇਸ ਮੁਹਿੰਮ ਨਾਲ ਜੁੜ ਰਹੇ ਹਾਂ ਹਨ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਪੰਛੀਆਂ ਨੂੰ ਰਹਿਣ ਖਾਣ ਪੀਣ ਅਤੇ ਇਲਾਜ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਮਨੁੱਖ ਜਦੋਂ ਬਿਮਾਰ ਹੁੰਦਾ ਹੈ, ਤਾਂ ਉਹ ਡਾਕਟਰ ਕੋਲ ਜਾਂਦਾ ਹੈ, ਪਰ ਜਦੋਂ ਇਹ ਪੰਛੀ ਬਿਮਾਰ ਹੁੰਦੇ ਹਨ ਤਾਂ ਇਹ ਕਿੱਧਰ ਜਾਣ। ਸੋ, ਜੋ ਕੁਦਰਤ ਨਾਲ ਜੁੜਿਆ ਹੋਇਆ ਹੈ, ਉਸ ਹਰ ਮਨੁੱਖ ਨੂੰ ਹਰ ਉਸ ਜੀਵ ਨਾਲ ਪਿਆਰ ਕਰਨਾ ਚਾਹੀਦਾ ਹੈ।